Cricket News : ICC ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ ! ਦੁਬਈ ਜਾਂ ਸ਼੍ਰੀਲੰਕਾ ‘ਚ ਸ਼ਿਫਟ ਹੋ ਸਕਦਾ ਹੈ ਮੈਚ
ਨਵੀਂ ਦਿੱਲੀ 11 ਜੁਲਾਈ (ਵਿਸ਼ਵ ਵਾਰਤਾ)Cricket News: ਪਾਕਿਸਤਾਨ ਨੂੰ ਫਰਵਰੀ-ਮਾਰਚ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਕਰਨੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਲਾਹੌਰ ਵਿੱਚ ਟੀਮ ਇੰਡੀਆ ਦੇ ਮੈਚਾਂ ਦੇ ਆਯੋਜਨ ਲਈ ਆਈਸੀਸੀ ਨੂੰ ਡਰਾਫਟ ਸ਼ਡਿਊਲ ਸੌਂਪ ਦਿੱਤਾ ਹੈ। ਹਾਲਾਂਕਿ ਹੁਣ ਤੱਕ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਕਿਸੇ ਵੀ ਧਿਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰ ਰਹੀ ਹੈ। ਬੀਸੀਸੀਆਈ ਦੇ ਸੂਤਰਾਂ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ 2025 ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਦੀ ਸੰਭਾਵਨਾ ਨਹੀਂ ਹੈ। ਬੀਸੀਸੀਆਈ ਆਈਸੀਸੀ ਨੂੰ ਦੁਬਈ ਜਾਂ ਸ੍ਰੀਲੰਕਾ ਵਿੱਚ ਮੈਚ ਆਯੋਜਿਤ ਕਰਨ ਲਈ ਕਹੇਗਾ। ਇਸ ਲਈ ਹੁਣ ਅਜਿਹਾ ਲੱਗ ਰਿਹਾ ਹੈ ਕਿ ਪਾਕਿਸਤਾਨ ਏਸ਼ੀਆ ਕੱਪ 2023 ਵਾਂਗ ਚੈਂਪੀਅਨਜ਼ ਟਰਾਫੀ 2025 ਨੂੰ ਵੀ ਹਾਈਬ੍ਰਿਡ ਮਾਡਲ ਤਹਿਤ ਕਰਵਾਉਣਾ ਪੈ ਸਕਦਾ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਭਾਰਤੀ ਟੀਮ ਪਾਕਿਸਤਾਨ ਜਾਵੇਗੀ। ਹਾਲਾਂਕਿ, ਜੈ ਸ਼ਾਹ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਖੇਡੇਗੀ। ਵਰਣਨਯੋਗ ਹੈ ਕਿ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਬੀਸੀਸੀਆਈ ਦੇ ਸਕੱਤਰ ਦੇ ਤੌਰ ‘ਤੇ ਜੈ ਸ਼ਾਹ ਨੇ ਹੀ ਪੁਸ਼ਟੀ ਕੀਤੀ ਸੀ ਕਿ ਭਾਰਤੀ ਟੀਮ ਏਸ਼ੀਆ ਕੱਪ 2023 ਲਈ ਪਾਕਿਸਤਾਨ ਨਹੀਂ ਜਾਵੇਗੀ। ਅਜਿਹੇ ‘ਚ ਪੀਸੀਬੀ ਨੇ ਹਾਈਬ੍ਰਿਡ ਮਾਡਲ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਸਵੀਕਾਰ ਕਰ ਲਿਆ ਸੀ। ਫਾਈਨਲ ਸਮੇਤ ਭਾਰਤ ਅਤੇ ਹੋਰ ਟੀਮਾਂ ਦੇ ਜ਼ਿਆਦਾਤਰ ਮੈਚ ਸ਼੍ਰੀਲੰਕਾ ਅਤੇ ਕੁਝ ਪਾਕਿਸਤਾਨ ਵਿੱਚ ਹੋਏ ਸਨ। ਹੁਣ ਚੈਂਪੀਅਨਸ ਟਰਾਫੀ ਵਿੱਚ ਵੀ ਅਜਿਹਾ ਹੀ ਕੁਝ ਕਰਨਾ ਪੈ ਸਕਦਾ ਹੈ ਜਿਸ ਕਾਰਨ ਮੈਚ ਸ੍ਰੀ ਲੰਕਾ ਜਾ ਦੁਬਈ ‘ਚ ਕਰਵਾਏ ਜਾ ਸਕਦੇ ਹਨ।