Cricket: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ
– ਮੈਚ ‘ਚ ਭਰਤ ਦੇ ਮਾਨਵ ਸੁਥਾਰ ਕਰ ਰਹੇ ਆਪਣਾ ਡੈਬਿਊ
– ਕੁਲਦੀਪ ਯਾਦਵ ਨੇ ਦਿੱਤੀ ਡੈਬਿਊ ਕੈਪ
ਚੰਡੀਗੜ੍ਹ, 6 ਜੂਨ (ਵਿਸ਼ਵ ਵਾਰਤਾ): ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਇੱਕੋ-ਇੱਕ ਟੈਸਟ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ‘ਚ ਮਾਨਵ ਸੁਥਾਰ ਆਪਣਾ ਡੈਬਿਊ ਕਰ ਰਹੇ ਹਨ। ਉਨ੍ਹਾਂ ਨੂੰ ਕੁਲਦੀਪ ਯਾਦਵ ਨੇ ਡੈਬਿਊ ਕੈਪ ਭੇਟ ਕੀਤੀ।
ਟਾਸ ਤੋਂ ਬਾਅਦ, ਗਿੱਲ ਨੇ ਕਿਹਾ, “ਮੌਸਮ ਗਰਮ ਅਤੇ ਨਮੀ ਵਾਲਾ ਹੈ। ਸਮਾਂ ਬੀਤਣ ਦੇ ਨਾਲ-ਨਾਲ ਵਿਕਟ ਹੌਲੀ ਹੁੰਦੀ ਜਾਵੇਗੀ। ਗਰਮੀ ਕਾਰਨ ਪਿੱਚ ਥੋੜ੍ਹੀ ਖੁਸ਼ਕ ਹੈ।” ਉੱਥੇ ਹੀ ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਟਾਸ ਤੋਂ ਬਾਅਦ ਕਿਹਾ, “ਅਸੀਂ ਵੀ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸੀ ਕਿਉਂਕਿ ਵਿਕਟ ਵਧੀਆ ਲੱਗ ਰਹੀ ਸੀ।” ਉਸਨੇ ਅੱਗੇ ਕਿਹਾ, “ਸਾਨੂੰ ਟੈਸਟ ਕ੍ਰਿਕਟ ਖੇਡਣ ਦੇ ਬਹੁਤੇ ਮੌਕੇ ਨਹੀਂ ਮਿਲਦੇ, ਪਰ ਅਸੀਂ ਇਸ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਚੁਣੌਤੀਆਂ ਨੂੰ ਅਪਣਾਉਂਦੇ ਹਾਂ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਦਾ ਆਨੰਦ ਮਾਣਦੇ ਹਾਂ।”
ਅਗਲੇ ਪੰਜ ਦਿਨਾਂ ਲਈ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ। ਹਾਲਾਂਕਿ, ਮੈਚ ਵਿੱਚ ਮੌਸਮ ਇੱਕ ਮੁੱਖ ਫੈਕਟਰ ਹੋਵੇਗਾ। ਗਰਮੀ ਖਿਡਾਰੀਆਂ ਦੀ ਪ੍ਰੀਖਿਆ ਲਵੇਗੀ। ਟਰੇਨਿੰਗ ਦੌਰਾਨ ਵੀ ਬਹੁਤ ਸਾਰੇ ਖਿਡਾਰੀਆਂ ਨੂੰ ਮੁੱਖ ਮੈਦਾਨ ਤੋਂ ਨੈੱਟ ਤੱਕ ਜਾਣ ਲਈ ਵਾਹਨਾਂ ਦੀ ਵਰਤੋਂ ਵੀ ਕਰਨੀ ਪਈ।
ਇਹ 2026 ਵਿੱਚ ਭਾਰਤ ਅਤੇ ਅਫਗਾਨਿਸਤਾਨ ਦੋਵਾਂ ਲਈ ਪਹਿਲਾ ਟੈਸਟ ਮੈਚ ਹੈ। ਇਹ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ 2025-27 ਚੱਕਰ ਦਾ ਹਿੱਸਾ ਨਹੀਂ ਹੈ। ਇਸ ਲਈ, ਭਾਰਤ ਇਸ ਮੈਚ ਨੂੰ ਅਗਸਤ ਵਿੱਚ ਸ਼੍ਰੀਲੰਕਾ ਦੇ ਪ੍ਰਸਤਾਵਿਤ ਦੌਰੇ ਦੀ ਤਿਆਰੀ ਵਜੋਂ ਦੇਖ ਰਿਹਾ ਹੈ, ਜਿੱਥੇ ਸ਼ੁਭਮਨ ਬ੍ਰਿਗੇਡ ਦੋ ਟੈਸਟ ਮੈਚ ਖੇਡਣ ਵਾਲਾ ਹੈ।
ਮੈਚ ਲਈ ਭਾਰਤ ਦੀ ਪਲੇਇੰਗ 11: ਕੇਐਲ ਰਾਹੁਲ, ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ, ਮਾਨਵ ਸੁਥਾਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਤੇ ਪ੍ਰਸਿਧ ਕ੍ਰਿਸ਼ਨਾ।
ਅਫਗਾਨਿਸਤਾਨ ਦੀ ਪਲੇਇੰਗ 11: ਸਦੀਕਉੱਲ੍ਹਾ ਅਟਲ, ਰਹਿਮਾਨਉੱਲ੍ਹਾ ਗੁਰਬਾਜ਼, ਅਬਦੁਲ ਮਲਿਕ, ਰਹਿਮਤ ਸ਼ਾਹ, ਹਸ਼ਮਤਉੱਲ੍ਹਾ ਸ਼ਹੀਦੀ (ਕਪਤਾਨ), ਅਸਫਸਰ ਜ਼ਜ਼ਈ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਸ਼ਰਫੂਦੀਨ ਅਸ਼ਰਫ, ਨੰਗੇਲੀਆ ਖਰੋਟੀ, ਜ਼ਿਆਉਰ ਰਹਿਮਾਨ ਸ਼ਰੀਫੀ, ਅਤੇ ਮੁਹੰਮਦ ਸਲੀਮ ਸਫੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























