Cricket: ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ
– BCCI ਦੀ ਰਿਵਿਊ ਮੀਟਿੰਗ ਤੋਂ ਬਾਅਦ ਲਿਆ ਫੈਸਲਾ
ਨਵੀਂ ਦਿੱਲੀ, 6 ਅਕਤੂਬਰ (ਵਿਸ਼ਵ ਵਾਰਤਾ): ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਫੈਸਲੇ ਦੀ ਜਾਣਕਾਰੀ ਇੰਸਟਾਗ੍ਰਾਮ ਰਾਹੀਂ ਸਾਂਝੀ ਕੀਤੀ। ਹਰਮਨਪ੍ਰੀਤ ਨੇ ਕਿਹਾ ਕਿ ਉਹ ਭਾਰਤੀ ਮਹਿਲਾ ਟੀਮ ਦੀ ਸਾਰੇ ਫਾਰਮੈਟਾਂ ਵਿੱਚ ਕਪਤਾਨੀ ਛੱਡ ਰਹੀ ਹੈ।
ਰਿਪੋਰਟ ਮੁਤਾਬਕ ਹਰਮਨਪ੍ਰੀਤ ਕੌਰ ਨੇ ਇਹ ਫੈਸਲਾ BCCI ਨਾਲ ਹੋਈ ਰਿਵਿਊ ਮੀਟਿੰਗ ਤੋਂ ਬਾਅਦ ਲਿਆ। ਗੁਵਾਹਾਟੀ ਵਿੱਚ ਹੋਈ ਇਸ ਮੀਟਿੰਗ ਦੀ ਅਗਵਾਈ BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਕੀਤੀ। ਮੀਟਿੰਗ ਵਿੱਚ ਭਾਰਤੀ ਮਹਿਲਾ ਟੀਮ ਵੱਲੋਂ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜ਼ੂਮਦਾਰ ਸ਼ਾਮਲ ਹੋਏ। ਇਸ ਦੌਰਾਨ ਟੀਮ ਦੇ ਪ੍ਰਦਰਸ਼ਨ ਅਤੇ ਅਗਲੀ ਰਣਨੀਤੀ ਸਬੰਧੀ ਸਮੀਖਿਆ ਕੀਤੀ ਗਈ।
ਕਪਤਾਨੀ ਛੱਡਣ ਦਾ ਐਲਾਨ ਕਰਦਿਆਂ ਹਰਮਨਪ੍ਰੀਤ ਨੇ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਕਿ ਕਪਤਾਨੀ ਦਾ ਸਫ਼ਰ ਉਨ੍ਹਾਂ ਲਈ ਭਾਵਨਾਵਾਂ ਅਤੇ ਯਾਦਾਂ ਨਾਲ ਭਰਿਆ ਰਿਹਾ ਹੈ। ਹਾਲਾਂਕਿ ਕਪਤਾਨੀ ਖ਼ਤਮ ਹੋ ਰਹੀ ਹੈ, ਪਰ ਉਹ ਭਾਰਤੀ ਕ੍ਰਿਕਟ ਨਾਲ ਆਪਣਾ ਸਫ਼ਰ ਜਾਰੀ ਰੱਖਣ ਅਤੇ ਖੇਡ ’ਤੇ ਧਿਆਨ ਕੇਂਦਰਿਤ ਕਰਨ ਲਈ ਤਿਆਰ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























