CPIM ਦੇ ਸੂਬਾ ਆਗੂ ਕੁਲਵਿੰਦਰ ਉੱਡਤ ਸਮੇਤ ਮਾਨਸਾ ਦੇ ਜ਼ਿਲ੍ਹਾ ਸਕੱਤਰ, ਤਹਿਸੀਲ ਸਕੱਤਰਾਂ ਤੇ 11 ਜ਼ਿਲ੍ਹਾ ਕਮੇਟੀ ਮੈਬਰਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ
ਮਾਨਸਾ, 15 ਮਾਰਚ(ਵਿਸ਼ਵ ਵਾਰਤਾ)-ਸੀ ਪੀ ਆਈ ਐਮ ਦੀ ਸੂਬਾਈ ਲੀਡਰਸ਼ਿਪ ਤੋਂ ਨਿਰਾਸ਼ ਤੇ ਨਾ-ਪੱਖੀ ਰਵੱਈਏ ਤੋਂ ਪੀੜ੍ਹਤ ਹੋ ਕੇ ਸੀ.ਪੀ.ਆਈ.ਐਮ. ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਬਾਜੇਵਾਲਾ, ਤਹਿਸੀਲ ਮਾਨਸਾ ਦੇ ਸਕੱਤਰ ਕਰਨੈਲ ਸਿੰਘ ਭੀਖੀ, ਸਰਦੂਲਗੜ੍ਹ ਦੇ ਸਕੱਤਰ ਗੁਰਪਿਆਰ ਸਿੰਘ ਫੱਤਾ ਆਦਿ 11 ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ.ਪੀ.ਆਈ.ਐਮ. ਨੂੰ ਅਲਵਿਦਾ ਕਹਿ ਸੀ.ਪੀ.ਆਈ. ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਸਮੇਂ ਸਨਮਾਨ ਸਮਾਰੋਹ ਮੌਕੇ ਪਾਰਟੀ ਵਿੱਚ ਸ਼ਾਮਲ ਕਰਨ ਦੌਰਾਨ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਪਰਿਵਾਰ ਵਿੱਚ ਸ਼ਾਮਲ ਹੋਏ ਹਰ ਇੱਕ ਆਗੂ ਤੇ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ, ਕਿਉਂਕਿ ਅਜੋਕੇ ਦੌਰ ਵਿੱਚ ਫਾਸੀਵਾਦ ਹਮਲਿਆਂ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਲੜੇ ਜਾ ਰਹੇ ਸੰਘਰਸ਼ ਵਿੱਚ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਦੀ ਮਜ਼ਬੂਤੀ ਸਮੇਂ ਦੀ ਮੁੱਖ ਲੋੜ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਦੀ ਸਮੂਲੀਅਤ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਸਮੇਂ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਦਾ ਜ਼ਿਲ੍ਹਾ ਸਕੱਤਰੇਤ ਵੱਲੋਂ ਸਿਰੋਪੇ ਅਤੇ ਹਾਰ ਪਾ ਕੇ ਸਨਮਾਨ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕ੍ਰਮਵਾਰ ਸਾਥੀ ਰਾਜਿੰਦਰ ਹੀਰੇਵਾਲਾ, ਬਲਵਿੰਦਰ ਕੋਟਧਰਮੂ, ਸਾਧੂ ਰਾਮਾਨੰਦੀ, ਦਰਸ਼ਨ ਧਲੇਵਾਂ, ਸ਼ੰਕਰ ਜਟਾਣਾ, ਤੇਜਾ ਹੀਰਕੇ, ਕਾਲਾ ਖਾਂ ਭੰਮੇ, ਨਿਰਮਲ ਬੱਪੀਆਣਾ, ਗੁਰਜਿੰਦਰ ਜ਼ੋਗਾ, ਸੁਖਦੇਵ ਰਾਮਾਨੰਦੀ, ਬੂਟਾ ਖੀਵਾ, ਲਛਮਣ ਉੱਲਕ, ਰਾਜ ਦੂਲੋਵਾਲ, ਤੇਜਾ ਦੂਲੋਵਾਲ, ਦੇਸ਼ ਰਾਜ ਕੋਟਧਰਮੂ, ਸਿਕੰਦਰ ਸੱਦਾ ਸਿੰਘ ਵਾਲਾ, ਗੁਰਪ੍ਰੀਤ ਬਰਨ, ਸਿਮਰੂ ਬਰਨ, ਬੱਗਾ ਕੋਟਧਰਮੂ, ਜਰਨੈਲ ਭੀਖੀ, ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮੌੜ, ਜ਼ਿਲ੍ਹਾ ਸਕੱਤਰ ਹਰਪਾਲ ਫੱਤਾ, ਜ਼ਿਲ੍ਹਾ ਖਜ਼ਾਨਚੀ ਜਸਪ੍ਰੀਤ ਹੀਰੇਵਾਲਾ, ਮੀਤ ਪ੍ਰਧਾਨ ਜਸਪ੍ਰੀਤ ਮਾਖਾ, ਬਿੰਦਰ ਮਾਖਾ ਆਦਿ ਆਗੂਆਂ ਤੋਂ ਇਲਾਵਾ ਵਰਕਰ ਸ਼ਾਮਲ ਹੋਏ। ਇਸ ਸਮੇਂ ਸੀ.ਪੀ.ਆਈ. ਦੀ ਜਿਲ੍ਹਾ ਸਕੱਤਰੇਤ ਮੈਂਬਰ ਵੇਦ ਪ੍ਰਕਾਸ਼ ਬੁਢਲਾਡਾ, ਸੀਤਾ ਰਾਮ ਗੋਬਿੰਦਪੁਰਾ, ਮਨਜੀਤ ਗਾਮੀਵਾਲਾ, ਰੂਪ ਸਿੰਘ ਢਿੱਲੋਂ, ਮਲਕੀਤ ਮੰਦਰਾਂ, ਦਲਜੀਤ ਮਾਨਸ਼ਾਹੀਆ, ਨਰੇਸ਼ ਬੁਰਜ ਹਰੀ, ਸੁਖਰਾਜ ਜ਼ੋਗਾ ਆਦਿ ਆਗੂ ਸ਼ਾਮਲ ਸਨ।