ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ – CM ਭਗਵੰਤ ਸਿੰਘ ਮਾਨ
ਸਾਢੇ ਚਾਰ ਸਾਲ ਵਿੱਚ ਅਸੀਂ ਆਪਣੇ ਕੰਮਾਂ ਨਾਲ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਿਆ- ਭਗਵੰਤ ਸਿੰਘ ਮਾਨ
ਪਹਿਲੀ ਵਾਰ ਕਿਸਾਨਾਂ ਨੂੰ ਦਿਨ ਵਿੱਚ ਬਿਜਲੀ ਅਤੇ ਸਿੰਚਾਈ ਲਈ ਨਹਿਰੀ ਪਾਣੀ ਮਿਲਿਆ-ਭਗਵੰਤ ਸਿੰਘ ਮਾਨ
ਅੱਜ ਸਰਕਾਰ ਦੀਆਂ ਯੋਜਨਾਵਾਂ ਨਾਲ ਹਰ ਪਰਿਵਾਰ ਦਾ 15 ਹਜ਼ਾਰ ਰੁਪਏ ਮਹੀਨੇ ਦਾ ਬਚ ਰਿਹਾ ਹੈ- ਭਗਵੰਤ ਸਿੰਘ ਮਾਨ
ਮੰਡੀ ਵਿੱਚ ਝੋਨਾ ਵੇਚ ਕੇ ਘਰ ਪਹੁੰਚਣ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਹੁੰਚ ਜਾਣਗੇ-ਭਗਵੰਤ ਸਿੰਘ ਮਾਨ
ਮੇਰੀ ਇਮਾਨਦਾਰੀ ਦਾ ਤੋੜ ਨਹੀਂ ਮਿਲਿਆ ਤਾਂ ਵਿਰੋਧੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ-ਭਗਵੰਤ ਸਿੰਘ ਮਾਨ
ਭਾਜਪਾ ਨੇ ਮੇਰੇ ਦਫ਼ਤਰ ’ਤੇ ਰੇਡ ਕਰਵਾਈ, ਪਰ ਸੀ.ਬੀ.ਆਈ. ਨੂੰ ਖਾਲੀ ਹੱਥ ਪਰਤਣਾ ਪਿਆ-ਭਗਵੰਤ ਸਿੰਘ ਮਾਨ
ਮੇਰੇ ਘਰ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ ਅਤੇ ਹਮੇਸ਼ਾ ਖੁੱਲ੍ਹੇ ਰਹਿਣਗੇ-ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਦੇ ਪਿੰਡ ਮੀਮਸਾ ਵਿੱਚ ਲੋਕ ਮਿਲਣੀ ਪ੍ਰੋਗਰਾਮ ਨੂੰ ਕੀਤਾ ਸੰਬੋਧਨ
ਧੂਰੀ; 11 ਅਕਤੂਬਰ 2026 (ਵਿਸ਼ਵ ਵਾਰਤਾ);- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ, ਜੋ ਦਿਨ-ਰਾਤ ਲੋਕਾਂ ਲਈ ਕੰਮ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਦੇ ਕੰਮਾਂ ਨੇ ਉਨ੍ਹਾਂ ਦੀ ਸਰਕਾਰ ਦਾ ਲੋਕਾਂ ਵਿੱਚ ਵਿਸ਼ਵਾਸ ਬਣਾਇਆ ਹੈ। ਕਿਸਾਨਾਂ ਲਈ ਦਿਨ ਵੇਲੇ ਬਿਜਲੀ ਅਤੇ ਨਹਿਰੀ ਪਾਣੀ, ਸਰਕਾਰੀ ਸਕੀਮਾਂ ਰਾਹੀਂ ਹਰ ਪਰਿਵਾਰ ਲਈ 15,000 ਰੁਪਏ ਦੀ ਮਹੀਨਾਵਾਰ ਬੱਚਤ ਅਤੇ ਝੋਨੇ ਦੀ ਖਰੀਦ ਦੀ ਤੁਰੰਤ ਅਦਾਇਗੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਰਿਕਾਰਡ ਆਪਣੇ-ਆਪ ਬੋਲਦਾ ਹੈ। ਭਾਜਪਾ ਅਤੇ ਹੋਰ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਅਕਸ ਖਰਾਬ ਕਰਨ ਦੀਆਂ ਘਟੀਆ ਕੋਸ਼ਿਸ਼ਾਂ ਅਤੇ ਉਨ੍ਹਾਂ ਦੀ ਇਮਾਨਦਾਰੀ ਨੂੰ ਢਾਹ ਲਾਉਣ ਦੀਆਂ ਕੋਝੀਆਂ ਚਾਲਾਂ ਨਾਕਾਮ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ‘ਤੇ ਛਾਪੇਮਾਰੀ ਤੋਂ ਬਾਅਦ ਸੀ.ਬੀ.ਆਈ. ਖਾਲੀ ਹੱਥ ਪਰਤੀ ਸੀ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ।
‘ਐਕਸ’ ‘ਤੇ ਵਿਚਾਂਰ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ: “ਅੱਜ ਮੈਂ ਧੂਰੀ ਹਲਕੇ ਦੇ ਇਨਕਲਾਬੀ ਪਿੰਡ ਮੀਮਸਾ ਵਿਖੇ ਪਿੰਡ ਦੇ ਇਕੱਠ ਵਿੱਚ ਆਪਣੇ ਲੋਕਾਂ ਨਾਲ ਆਪਣੇ ਵਿਚਾਰ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਤੁਹਾਡੇ ਨਿੱਘੇ ਪਿਆਰ ਅਤੇ ਸਹਿਯੋਗ ਸਦਕਾ ਹੀ ਧੂਰੀ ਅੱਜ ਪੰਜਾਬ ਦੀ ਸਿਆਸਤ ਦਾ ‘ਧੁਰਾ’ ਬਣ ਗਿਆ ਹੈ। ਪਿਛਲੀਆਂ ਸਰਕਾਰਾਂ ਦੇ ਖੋਖਲੇ ਦਾਅਵਿਆਂ ਦੇ ਉਲਟ ਅਸੀਂ ਜ਼ਮੀਨੀ ਪੱਧਰ ‘ਤੇ ਵੱਡੇ ਕੰਮ ਕੀਤੇ ਹਨ। ਕਿਸਾਨਾਂ ਲਈ ਦਿਨ ਵੇਲੇ ਬਿਜਲੀ, ਸਿੰਚਾਈ ਰਾਹੀਂ 88 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ, 70,685 ਸਰਕਾਰੀ ਨੌਕਰੀਆਂ, ਮੁਫ਼ਤ ਸਿਹਤ ਸੰਭਾਲ ਅਤੇ ਜ਼ੀਰੋ ਬਿਜਲੀ ਬਿੱਲਾਂ ਨਾਲ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਲਾਭ ਹੋ ਰਿਹਾ ਹੈ। ‘ਮਾਵਾਂ ਧੀਆ ਸਤਿਕਾਰ ਯੋਜਨਾ’ ਰਾਹੀਂ ਮਾਵਾਂ-ਭੈਣਾਂ ਨੂੰ ਦਿੱਤੀ ਜਾ ਰਹੀ ਮਹੀਨਾਵਾਰ ਵਿੱਤੀ ਸਹਾਇਤਾ ਉਨ੍ਹਾਂ ਦੇ ਬਣਦੇ ਮਾਣ-ਸਤਿਕਾਰ ਦੀ ਪਛਾਣ ਹੈ। ਤੁਹਾਡੇ ਆਸ਼ੀਰਵਾਦ ਨਾਲ ਅਸੀਂ ਵਾਹਿਗੁਰੂ ਵੱਲੋਂ ਸੌਂਪੀ ਗਈ ਲੋਕ ਸੇਵਾ ਦੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਰਹਾਂਗੇ। ਇਨਕਲਾਬ ਜ਼ਿੰਦਾਬਾਦ।”
‘ਲੋਕ ਮਿਲਣੀ’ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਵਾਅਦੇ ਕਰਨ ਵਾਲੀਆਂ ਸਰਕਾਰਾਂ ਅਤੇ ਨਤੀਜੇ ਦੇਣ ਵਾਲੀ ਸਰਕਾਰ ਵਿਚਕਾਰ ਫਰਕ ਦੇਖਿਆ ਹੈ। ਅਸੀਂ ਪਿਛਲੇ ਸਾਢੇ ਚਾਰ ਸਾਲਾਂ ਦੇ ਆਪਣੇ ਕੰਮਾਂ ਰਾਹੀਂ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ ਹੈ। ਸਰਕਾਰੀ ਖਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦਾ ਹੈ ਅਤੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਾਸ, ਬਿਹਤਰ ਜਨਤਕ ਸੇਵਾਵਾਂ ਅਤੇ ਲੋਕ ਭਲਾਈ ਦੀਆਂ ਪਹਿਲਕਦਮੀਆਂ ਰਾਹੀਂ ਉਨ੍ਹਾਂ ਦਾ ਪੈਸਾ ਉਨ੍ਹਾਂ ਤੱਕ ਵਾਪਸ ਪਹੁੰਚੇ।”
ਮੁੱਖ ਮੰਤਰੀ ਨੇ ਕਿਹਾ, “ਸਰਕਾਰੀ ਖਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦਾ ਹੈ ਅਤੇ ਅਸੀਂ ਉਨ੍ਹਾਂ ਦੀ ਭਲਾਈ ‘ਤੇ ਸਮਝਦਾਰੀ ਨਾਲ ਪੈਸਾ ਖਰਚ ਕਰ ਰਹੇ ਹਾਂ। ਲੋਕਾਂ ਦਾ ਪੈਸਾ ਸੂਬੇ ਦੇ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਉਨ੍ਹਾਂ ਕੋਲ ਵਾਪਸ ਆ ਰਿਹਾ ਹੈ। 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜੋ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ।”
ਉਨ੍ਹਾਂ ਕਿਹਾ, “ਸਾਡੀ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ। ਅਸੀਂ ਬਿਨਾਂ ਭ੍ਰਿਸ਼ਟਾਚਾਰ ਦੇ 70,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਸੜਕਾਂ ਵਿੱਚ ਸੁਧਾਰ ਕੀਤਾ ਹੈ, ਸਕੂਲਾਂ ਅਤੇ ਹਸਪਤਾਲਾਂ ਨੂੰ ਮਜ਼ਬੂਤ ਕੀਤਾ ਹੈ, ਅਤੇ ਟੋਲ ਪਲਾਜ਼ੇ ਬੰਦ ਕੀਤੇ ਹਨ ਤਾਂ ਜੋ ਰਾਹਗੀਰਾਂ ਦੇ ਰੋਜ਼ਾਨਾ 70 ਲੱਖ ਰੁਪਏ ਬਚਾਏ ਜਾ ਸਕਣ, ਜੋ ਪਹਿਲਾਂ ਬਿਨਾਂ ਵਜ੍ਹਾ ਖਰਚ ਹੁੰਦੇ ਸਨ। ਅਸੀਂ ਪਿੰਡਾਂ ਦਾ ਵਿਕਾਸ ਵੀ ਕਰ ਰਹੇ ਹਾਂ ਅਤੇ ਖੇਡ ਸਟੇਡੀਅਮ ਬਣਾ ਰਹੇ ਹਾਂ ਤਾਂ ਜੋ ਸਾਡੇ ਨੌਜਵਾਨ ਖੇਡਾਂ ‘ਤੇ ਧਿਆਨ ਕੇਂਦਰਿਤ ਕਰ ਸਕਣ ਅਤੇ ਬਿਹਤਰ ਭਵਿੱਖ ਬਣਾ ਸਕਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਿਹਤ ਸੰਭਾਲ ਹਰ ਪਰਿਵਾਰ ਦੀ ਪਹੁੰਚ ਵਿੱਚ ਹੋਣੀ ਚਾਹੀਦੀ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਅਸੀਂ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਹੇ ਹਾਂ। ਇਸ ਪਹਿਲਕਦਮੀ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਹਸਪਤਾਲ ਦੇ ਬਿੱਲਾਂ ਦੀ ਚਿੰਤਾ ਕੀਤੇ ਬਿਨਾਂ ਮਿਆਰੀ ਡਾਕਟਰੀ ਇਲਾਜ ਪ੍ਰਾਪਤ ਕਰ ਸਕਣ।”
‘ਮਾਵਾਂ ਧੀਆ ਸਤਿਕਾਰ ਯੋਜਨਾ’ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 18 ਸਾਲ ਅਤੇ ਉਸ ਤੋਂ ਵੱਧ ਉਮਰ ਦੀਆਂ ਯੋਗ ਔਰਤਾਂ ਨੂੰ 1 ਜੁਲਾਈ ਤੋਂ ਹਰ ਮਹੀਨੇ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਮਿਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ, “ਇਹ ਰਕਮ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ ਅਤੇ ਪਹਿਲਾਂ ਤੋਂ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਔਰਤਾਂ ਵੀ ਇਸ ਲਈ ਯੋਗ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੀਆਂ 97 ਫੀਸਦੀ ਔਰਤਾਂ ਨੂੰ ਇਸ ਸਕੀਮ ਦਾ ਲਾਭ ਮਿਲਣ ਦੀ ਉਮੀਦ ਹੈ, ਜਿਸ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਗਏ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਔਰਤਾਂ ਨੂੰ ਮਾਣ-ਸਤਿਕਾਰ ਅਤੇ ਵਿੱਤੀ ਸਹਾਇਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ‘ਮਾਵਾਂ ਧੀਆ ਸਤਿਕਾਰ ਯੋਜਨਾ’ ਤਹਿਤ ਯੋਗ ਔਰਤਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਹਾਇਤਾ ਮਿਲ ਰਹੀ ਹੈ। 97 ਫੀਸਦੀ ਔਰਤਾਂ ਨੂੰ ਲਾਭ ਮਿਲਣ ਦੀ ਉਮੀਦ ਦੇ ਨਾਲ ਇਹ ਸਕੀਮ ਪੂਰੇ ਪੰਜਾਬ ਦੇ ਪਰਿਵਾਰਾਂ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰ ਰਹੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਗੁਰਬਤ ਨੂੰ ਦੂਰ ਕਰਨ ਅਤੇ ਜੀਵਨ ਪੱਧਰ ਨੂੰ ਸੁਧਾਰਨ ਲਈ ਸਿੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਦੀ ਸੁਧਾਰ ਕਰਨ ਅਤੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਸਮਰੱਥ ਬਣਾਉਣ ਲਈ ਅਧਿਆਪਕਾਂ ਦੀ ਸਿਖਲਾਈ, ‘ਸਕੂਲਜ਼ ਆਫ਼ ਐਮੀਨੈਂਸ’ ਅਤੇ ਹੋਰ ਪਹਿਲਕਦਮੀਆਂ ਵਿੱਚ ਨਿਵੇਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ, “ਮੁਫ਼ਤ ਸਕੀਮਾਂ ਅਤੇ ਰਿਆਇਤੀ ਕਾਰਡ ਰਾਹਤ ਤਾਂ ਦੇ ਸਕਦੇ ਹਨ, ਪਰ ਸਿੱਖਿਆ ਹੀ ਗਰੀਬੀ ਦੇ ਚੱਕਰ ਨੂੰ ਤੋੜਨ ਦੀ ਕੁੰਜੀ ਹੈ। ਮਿਆਰੀ ਸਿੱਖਿਆ ਲੋਕਾਂ ਨੂੰ ਸਮਰੱਥ ਬਣਾਉਂਦੀ ਹੈ, ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਕੇ ਪੈਦਾ ਕਰਦੀ ਹੈ। ਇਸੇ ਲਈ ਅਸੀਂ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਅਤੇ ਬੱਚਿਆਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਾਂ।”
ਉਨ੍ਹਾਂ ਕਿਹਾ, “ਸਰਕਾਰੀ ਸਕੂਲਾਂ ਦੇ ਨੀਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 2021 ਵਿੱਚ 80 ਤੋਂ ਵਧ ਕੇ 2026 ਵਿੱਚ 882 ਹੋਣਾ ਸਿੱਖਿਆ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਦ੍ਰਿੜ ਹਾਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਦੇਸ਼ ਵਿੱਚ ਕਿਤੇ ਵੀ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ।”
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 1,587 ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ, ਜਿੱਥੇ ਪਹਿਲਾਂ ਕਦੇ ਪਾਣੀ ਨਹੀਂ ਪਹੁੰਚਿਆ ਸੀ। ਅਸੀਂ ਸਿੰਚਾਈ ਸਹੂਲਤਾਂ ਦੇ ਵਿਸਥਾਰ ਲਈ 7,200 ਕਰੋੜ ਰੁਪਏ ਖਰਚ ਕੀਤੇ ਹਨ, ਅਤੇ ਨਹਿਰੀ ਪਾਣੀ ਪ੍ਰਾਪਤ ਕਰਨ ਵਾਲਾ ਖੇਤਰਫਲ 2022 ਵਿੱਚ 20.89 ਲੱਖ ਏਕੜ ਤੋਂ ਵੱਧ ਕੇ ਅੱਜ 60.30 ਲੱਖ ਏਕੜ ਹੋ ਗਿਆ ਹੈ। ਨਹਿਰੀ ਸਿੰਚਾਈ ਕਿਸਾਨਾਂ ‘ਤੇ ਬੋਝ ਘਟਾਉਣ ਅਤੇ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹੈ।”
ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕ ਸੇਵਾ ਨੂੰ ਆਪਣਾ ਮੁੱਖ ਮਿਸ਼ਨ ਬਣਾਇਆ ਹੈ ਜੋ ਪੰਜਾਬ ਦੀ ਤਰੱਕੀ ਲਈ ਵਚਨਬੱਧ ਹੈ ਜਦਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ, “ਪੰਜਾਬ ਨੇ ਅਜਿਹੀਆਂ ਸਰਕਾਰਾਂ ਦੇਖੀਆਂ ਹਨ ਜੋ ਆਪਣੇ ਹਿੱਤਾਂ ਦੀ ਪੂਰਤੀ ਵਿੱਚ ਮਸਰੂਫ਼ ਰਹੀਆਂ ਸਨ। ਅਸੀਂ ਲੋਕ ਸੇਵਾ ਨੂੰ ਹੀ ਆਪਣਾ ਇੱਕੋ-ਇੱਕ ਮਿਸ਼ਨ ਬਣਾਇਆ ਹੈ। ਸਾਡੀ ਵਚਨਬੱਧਤਾ ਪੰਜਾਬ ਦੀ ਤਰੱਕੀ ਲਈ ਹੈ ਅਤੇ ਅਸੀਂ ਕਿਸਾਨਾਂ ਅਤੇ ਸਮਾਜ ਦੇ ਹਰ ਵਰਗ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ।”
ਮੁੱਖ ਮੰਤਰੀ ਨੇ ਜ਼ਿਕਰ ਕੀਤਾ, “ਸਰਕਾਰੀ ਸਕੀਮਾਂ ਹਰ ਪਰਿਵਾਰ ਨੂੰ ਹਰ ਮਹੀਨੇ ਲਗਭਗ 15,000 ਰੁਪਏ ਬਚਾਉਣ ਵਿੱਚ ਮਦਦ ਕਰ ਰਹੀਆਂ ਹਨ। ਇਹ ਘਰੇਲੂ ਬਜਟ ਲਈ ਅਸਲ ਰਾਹਤ ਹੈ ਅਤੇ ਆਮ ਲੋਕਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਦਿੰਦੀ ਹੈ। ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਕਿਸਾਨਾਂ ਨੂੰ ਮੰਡੀ ਤੋਂ ਘਰ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਝੋਨੇ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮਿਲ ਜਾਵੇ।” ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿੱਤੀ ਬੇਯਕੀਨੀ ਤੋਂ ਬਚਾਉਣ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਮੁੱਲ ਯਕੀਨੀ ਬਣਾਉਣ ਲਈ ਸਮੇਂ ਸਿਰ ਅਦਾਇਗੀ ਬਹੁਤ ਜ਼ਰੂਰੀ ਹੈ।

ਸਿਆਸੀ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਕਾਰਗੁਜ਼ਾਰੀ ਦੇ ਆਧਾਰ ‘ਤੇ ਉਨ੍ਹਾਂ ਦੀ ਸਰਕਾਰ ਨੂੰ ਚੁਣੌਤੀ ਦੇਣ ਵਿੱਚ ਅਸਮਰੱਥ ਹਨ, ਉਹ ਨਿੱਜੀ ਹਮਲਿਆਂ ਅਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਸਹਾਰਾ ਲੈ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, “ਜਦੋਂ ਉਹ ਮੇਰੇ ਕੰਮ ਵਿੱਚ ਕੋਈ ਕਮੀ ਨਹੀਂ ਲੱਭ ਸਕਦੇ ਜਾਂ ਮੇਰੀ ਇਮਾਨਦਾਰੀ ਨੂੰ ਚੁਣੌਤੀ ਨਹੀਂ ਦੇ ਸਕਦੇ ਤਾਂ ਉਹ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੇਰੀ ਇਮਾਨਦਾਰੀ ਉਨ੍ਹਾਂ ਲੋਕਾਂ ਲਈ ਸਮੱਸਿਆ ਬਣ ਗਈ ਹੈ, ਜੋ ਸੁਆਰਥੀ ਰਾਜਨੀਤੀ ਦੇ ਆਦੀ ਹਨ। ਪਰ ਪੰਜਾਬ ਦੇ ਲੋਕ ਸੱਚ ਜਾਣਦੇ ਹਨ ਅਤੇ ਕੋਈ ਵੀ ਸਿਆਸੀ ਪ੍ਰਚਾਰ ਸਾਡੇ ਵੱਲੋਂ ਉਨ੍ਹਾਂ ਲਈ ਕੀਤੇ ਗਏ ਕੰਮਾਂ ਨੂੰ ਮਿਟਾ ਨਹੀਂ ਸਕਦਾ।”
ਆਪਣੇ ਦਫ਼ਤਰ ‘ਤੇ ਸੀ.ਬੀ.ਆਈ. ਦੇ ਛਾਪੇ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਸੋਚਦੀ ਸੀ ਕਿ ਛਾਪੇਮਾਰੀ ਅਤੇ ਦਬਾਅ ਮੈਨੂੰ ਡਰਾ ਦੇਣਗੇ, ਪਰ ਮੇਰੇ ਦਫ਼ਤਰ ‘ਤੇ ਛਾਪੇਮਾਰੀ ਤੋਂ ਬਾਅਦ ਸੀ.ਬੀ.ਆਈ. ਖਾਲੀ ਹੱਥ ਪਰਤੀ। ਮੈਂ ਪੰਜਾਬ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗਾ। ਮੇਰੀ ਤਾਕਤ ਲੋਕਾਂ ਦੇ ਵਿਸ਼ਵਾਸ ਤੋਂ ਆਉਂਦੀ ਹੈ, ਅਤੇ ਮੈਂ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਉਨ੍ਹਾਂ ਦੀ ਸੇਵਾ ਕਰਨਾ ਜਾਰੀ ਰੱਖਾਂਗਾ।”

ਮੁੱਖ ਮੰਤਰੀ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਆਪ ਨੂੰ ਦਫ਼ਤਰਾਂ ਅਤੇ ਰਸਮੀ ਮੀਟਿੰਗਾਂ ਤੱਕ ਸੀਮਤ ਰੱਖਣ ਦੀ ਬਜਾਏ ਲੋਕਾਂ ਦੀ ਪਹੁੰਚ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਉਨ੍ਹਾਂ ਦੀ ਰਿਹਾਇਸ਼ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਖੁੱਲ੍ਹੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਲੋਕ ਮੇਰੇ ਲਈ ਬਾਹਰੀ ਨਹੀਂ ਹਨ; ਉਹ ਮੇਰਾ ਆਪਣਾ ਪਰਿਵਾਰ ਹਨ। ਮੇਰੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਰਹੇ ਹਨ ਅਤੇ ਹਮੇਸ਼ਾ ਖੁੱਲ੍ਹੇ ਰਹਿਣਗੇ। ਜਨਤਕ ਅਹੁਦਾ ਸੰਭਾਲਣ ਦਾ ਅਸਲ ਮਕਸਦ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਹੱਲ ਲੱਭਣ ਲਈ ਕੰਮ ਕਰਨਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਪੰਜਾਬੀਆਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਸਮਰਪਣ, ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਕੰਮ ਕਰਨਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਹੋਏ ਵਿਕਾਸ ਤੇ ਤਰੱਕੀ ਇੱਕ ਖੁਸ਼ਹਾਲ, ਆਤਮ-ਨਿਰਭਰ ਅਤੇ ਵਿਕਸਿਤ ਪੰਜਾਬ ਦੇ ਨਿਰਮਾਣ ਵੱਲ ਵੱਡਾ ਕਦਮ ਹੈ, ਜਿੱਥੇ ਸਮਾਜ ਦਾ ਹਰ ਵਰਗ ਮਾਣ ਅਤੇ ਵਿਸ਼ਵਾਸ ਨਾਲ ਜੀ ਸਕਦਾ ਹੈ। ਉਨ੍ਹਾਂ ਕਿਹਾ,“ਪੰਜਾਬ ਦੇ ਲੋਕ ਆਖਰਕਾਰ ਹਰ ਸਿਆਸੀ ਪਾਰਟੀ ਦੀ ਪੜਚੋਲ ਉਸ ਦੇ ਜਨਤਕ ਸੇਵਾ ਦੇ ਰਿਕਾਰਡ ਤੋਂ ਕਰਨਗੇ। ਅਸੀਂ ਖੋਖਲੇ ਦਾਅਵਿਆਂ ਦੀ ਬਜਾਏ ਠੋਸ ਨਤੀਜਿਆਂ, ਪਾਰਦਰਸ਼ਤਾ ਅਤੇ ਜਵਾਬਦੇਹੀ ‘ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਸਾਡੀ ਵਚਨਬੱਧਤਾ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੀ ਹੈ ਜਿੱਥੇ ਹਰ ਵਿਅਕਤੀ ਮਾਣ ਅਤੇ ਵਿਸ਼ਵਾਸ ਨਾਲ ਰਹਿ ਸਕੇ।”
———