Chhattisgarh Train accident : ਮਾਲ ਗੱਡੀ ‘ਤੇ ਯਾਤਰੀ ਰੇਲਗੱਡੀ ਦੀ ਆਹਮੋ-ਸਾਹਮਣੇ ਟੱਕਰ, ਕਈ ਲੋਕਾਂ ਦੀ ਮੌਤ
– ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ
ਛੱਤੀਸਗੜ੍ਹ, 4 ਨਵੰਬਰ 2025 (ਵਿਸ਼ਵ ਵਾਰਤਾ): ਛੱਤੀਸਗੜ੍ਹ ਦੇ ਬਿਲਾਸਪੁਰ ਦੇ ਲਾਲਖਦਨ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਹਾਵੜਾ ਰੂਟ ‘ਤੇ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।ਇਹ ਘਟਨਾ ਸ਼ਾਮ 4:00 ਵਜੇ ਦੇ ਕਰੀਬ ਵਾਪਰੀ। ਰੇਲਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਇਸ ਭਿਆਨਕ ਹਾਦਸੇ ‘ਚ ਕਈ ਲੋਕਾਂ ਦੀ ਮੌਤ ਦੀ ਵੀ ਖਬਰ ਹੈ।
ਹਾਦਸੇ ਦੀ ਸੂਚਨਾ ਮਿਲਣ ‘ਤੇ ਸਥਾਨਕ ਰੇਲਵੇ ਪ੍ਰਸ਼ਾਸਨ ਨੇ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੂਰੇ ਖੇਤਰ ਵਿੱਚ ਰੇਲ ਸੰਚਾਲਨ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ ਤਾਂ ਜੋ ਬਚਾਅ ਅਤੇ ਬਹਾਲੀ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਸਕੇ। ਮਾਲ ਗੱਡੀ ਅਤੇ ਯਾਤਰੀ ਗੱਡੀ ਵਿਚਕਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਗੱਡੀ ਦੇ ਕਈ ਡੱਬੇ ਮਾਲ ਗੱਡੀ ਦੇ ਉੱਪਰ ਚੜ੍ਹ ਗਏ।
ਮੁਢਲੀ ਜਾਣਕਾਰੀ ਅਨੁਸਾਰ ਕੋਰਬਾ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਵਿਚਾਰ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। 12 ਤੋਂ ਵੱਧ ਯਾਤਰੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























