Chandigarh: PU ਦੇ ਸਮਾਗਮ ’ਚ ਸ਼ਾਮਲ ਹੋਣ ਪਹੁੰਚੇ ਉੱਪ ਰਾਸ਼ਟਰਪਤੀ, ਟ੍ਰੈਫਿਕ ਡਾਇਵਰਟ, ਐਡਵਾਈਜ਼ਰੀ ਜਾਰੀ
– ਨੋ-ਪਾਰਕਿੰਗ ’ਚ ਗੱਡੀ ਖੜ੍ਹੀ ਕਰਨ ’ਤੇ ਹੋਵੇਗੀ ਕਾਰਵਾਈ
ਚੰਡੀਗੜ੍ਹ, 4 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਯੂਨੀਵਰਸਿਟੀ ਵਿੱਚ ਅੱਜ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਉਪ ਰਾਸ਼ਟਰਪਤੀ ਚੰਦਰਪੁਰਮ ਪੋਨੁਸਾਮੀ ਰਾਧਾਕ੍ਰਿਸ਼ਨਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਸਮਾਗਮ ਵਾਲੇ ਆਡੀਟੋਰੀਅਮ ਦੇ ਅੰਦਰ ਮੋਬਾਈਲ ਫੋਨ, ਇਲੈਕਟ੍ਰਾਨਿਕ ਉਪਕਰਨ ਅਤੇ ਪਾਣੀ ਦੀਆਂ ਬੋਤਲਾਂ ਲਿਜਾਣ ’ਤੇ ਪਾਬੰਦੀ ਰਹੀ। ਅੰਦਰ ਸਿਰਫ਼ ਵੀਡੀਓ ਕੈਮਰੇ ਅਤੇ ਪੇਸ਼ੇਵਰ ਕੈਮਰੇ ਲਿਜਾਣ ਦੀ ਇਜਾਜ਼ਤ ਦਿੱਤੀ ਗਈ। ਮੋਬਾਈਲ ਫੋਨ ਰਾਹੀਂ ਫੋਟੋਗ੍ਰਾਫੀ ਦੀ ਵੀ ਮਨਾਹੀ ਰਹੀ।
ਜਨਮ ਅਸ਼ਟਮੀ ਕਾਰਨ ਵੀ ਟ੍ਰੈਫਿਕ ਪ੍ਰਬੰਧਾਂ ’ਚ ਬਦਲਾਅ
ਉਪ ਰਾਸ਼ਟਰਪਤੀ ਦੇ ਦੌਰੇ ਦੇ ਨਾਲ-ਨਾਲ ਸ਼ਹਿਰ ਵਿੱਚ ਜਨਮ ਅਸ਼ਟਮੀ ਦੇ ਸਮਾਗਮਾਂ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਵੀ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਪ੍ਰਭਾਵਿਤ ਸੜਕਾਂ ਤੋਂ ਬਚਣ ਅਤੇ ਲੋੜ ਅਨੁਸਾਰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਅੱਜ ਦੁਪਹਿਰ 12 ਵਜੇ ਤੋਂ ਰਾਤ 1 ਵਜੇ ਤੱਕ ਸ਼ਹਿਰ ਦੇ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਆਸ-ਪਾਸ ਟ੍ਰੈਫਿਕ ਪ੍ਰਭਾਵਿਤ ਰਹੇਗਾ।
ਸੈਕਟਰ-36 ਇਸਕਾਨ ਮੰਦਰ ਨੇੜੇ ਰੂਟ ਪ੍ਰਭਾਵਿਤ
ਸੈਕਟਰ-36 ਸਥਿਤ ਇਸਕਾਨ ਮੰਦਰ ਵਿੱਚ ਜਨਮ ਅਸ਼ਟਮੀ ਸਮਾਗਮ ਦੇ ਚਲਦਿਆਂ ਦੱਖਣ ਮਾਰਗ ’ਤੇ ਕਿਸਾਨ ਭਵਨ ਚੌਕ (ਸੈਕਟਰ 22/23-35/36 ਚੌਕ) ਤੋਂ ਬੱਤਰਾ ਚੌਕ (ਸੈਕਟਰ 23/24-36/37 ਚੌਕ) ਤੱਕ ਟ੍ਰੈਫਿਕ ਨੂੰ ਨਿਯੰਤਰਿਤ ਕੀਤਾ ਜਾਵੇਗਾ।
ਸੈਕਟਰ-20 ਦੇ ਮੰਦਰ ਨੇੜੇ ਵੀ ਟ੍ਰੈਫਿਕ ਬਦਲਾਅ
ਸੈਕਟਰ-20 ਵਿੱਚ ਹੋਣ ਵਾਲੇ ਜਨਮ ਅਸ਼ਟਮੀ ਸਮਾਗਮ ਕਾਰਨ ਸੈਕਟਰ 20/21 ਲਾਈਟ ਪੁਆਇੰਟ ਤੋਂ ਸੈਕਟਰ 20/30 ਲਾਈਟ ਪੁਆਇੰਟ ਤੱਕ ਟ੍ਰੈਫਿਕ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
ਨੋ-ਪਾਰਕਿੰਗ ’ਚ ਗੱਡੀ ਖੜ੍ਹੀ ਕੀਤੀ ਤਾਂ ਹੋਵੇਗੀ ਕਾਰਵਾਈ
ਟ੍ਰੈਫਿਕ ਪੁਲਿਸ ਨੇ ਸਮਾਗਮਾਂ ਵਿੱਚ ਆਉਣ ਵਾਲੇ ਮਹਿਮਾਨਾਂ, ਸੱਦੇ ਗਏ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ ’ਤੇ ਹੀ ਵਾਹਨ ਖੜ੍ਹੇ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸਾਈਕਲ ਟਰੈਕ, ਪੈਦਲ ਮਾਰਗ ਜਾਂ ਨੋ-ਪਾਰਕਿੰਗ ਜ਼ੋਨ ਵਿੱਚ ਵਾਹਨ ਖੜ੍ਹੇ ਕਰਨ ’ਤੇ ਚਲਾਨ ਕੀਤਾ ਜਾ ਸਕਦਾ ਹੈ। ਲੋੜ ਪੈਣ ’ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਟੋਅ ਕਰਕੇ ਵੀ ਹਟਾਇਆ ਜਾ ਸਕਦਾ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਪ੍ਰਭਾਵਿਤ ਰਸਤਿਆਂ ’ਤੇ ਜਾਣ ਤੋਂ ਸੰਭਵ ਹੋਵੇ ਤਾਂ ਬਚਣ ਅਤੇ ਆਪਣੀ ਯਾਤਰਾ ਲਈ ਬਦਲਵੇਂ ਰੂਟਾਂ ਦੀ ਵਰਤੋਂ ਕਰਨ। ਨਾਲ ਹੀ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਈ ਰੱਖਣ ਲਈ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























