Chandigarh: ਪੈਟਰੋਲ-ਡੀਜ਼ਲ ਦੀ ਲਿਮਟ ਵਾਲੇ ਪੋਸਟਰਾਂ ਨਾਲ ਮਚਿਆ ਹੜਕੰਪ!
– ਡੀ.ਸੀ. ਨਿਸ਼ਾਂਤ ਯਾਦਵ ਦਾ ਵੱਡਾ ਬਿਆਨ ਆਇਆ ਸਾਹਮਣੇ
ਚੰਡੀਗੜ੍ਹ, 18 ਮਈ (ਵਿਸ਼ਵ ਵਾਰਤਾ) : ਚੰਡੀਗੜ੍ਹ ਵਿੱਚ ਪੈਟਰੋਲ-ਡੀਜ਼ਲ ਨੂੰ ਲੈ ਕੇ ਲਗਾਏ ਗਏ ਪੋਸਟਰਾਂ ਕਾਰਨ ਹੜਕੰਪ ਮਚ ਗਿਆ। ਸੈਕਟਰ-17 ਦੇ ਇੱਕ ਪੈਟਰੋਲ ਪੰਪ ‘ਤੇ ਲੱਗੇ ਨੋਟਿਸ ‘ਚ ਲਿਖਿਆ ਗਿਆ ਕਿ ਟੂ-ਵ੍ਹੀਲਰਾਂ ਲਈ ₹500 ਅਤੇ ਫੋਰ-ਵ੍ਹੀਲਰਾਂ (ਚਾਰ ਪਹੀਆ ਵਾਹਨਾਂ) ਲਈ ₹1500 ਦੀ ਲਿਮਟ ਤੈਅ ਕੀਤੀ ਗਈ ਹੈ। ਪੋਸਟਰ ਸਾਹਮਣੇ ਆਉਂਦੇ ਹੀ ਸ਼ਹਿਰ ਵਿੱਚ ਪੈਟਰੋਲ ਸੰਕਟ ਅਤੇ ਸਪਲਾਈ ਘੱਟ ਹੋਣ ਦੀ ਚਰਚਾ ਤੇਜ਼ ਹੋ ਗਈ।
ਮਾਮਲੇ ਦਾ ਪਤਾ ਲਗਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਸਾਫ਼ ਕੀਤਾ ਕਿ ਅਜਿਹੀ ਕੋਈ ਵੀ ਅਧਿਕਾਰਤ ਲਿਮਟ ਲਾਗੂ ਨਹੀਂ ਕੀਤੀ ਗਈ ਹੈ।ਡੀ.ਸੀ. (DC) ਨਿਸ਼ਾਂਤ ਯਾਦਵ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੀਮਾ ਜਾਂ ਪਾਬੰਦੀ ਲਗਾਉਣ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਲੋੜੀਂਦੀ ਉਪਲਬਧਤਾ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਤੇਲ ਦਾ ਲੋੜੀਂਦਾ ਸਟਾਕ ਮੌਜੂਦ ਹੈ। ਸਪਲਾਈ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਰੂਪ ਵਿੱਚ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























