ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸੁਧਾਰ ਹੋਇਆ ਹੈ, ਅੱਜ ਹਰ ਪਿੰਡ-ਸ਼ਹਿਰ ਵਿੱਚ ਲੋਕ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰ ਰਹੇ ਹਨ – ਹਰਜੋਤ ਬੈਂਸ
ਸਕੂਲ ਆਫ ਐਮੀਨੈਂਸ ਤੋਂ ਇਲਾਵਾ, ਅਸੀਂ 8000 ਸਕੂਲਾਂ ਦੀਆਂ ਬਾਊਂਡਰੀ ਬਣਵਾਈ, 10,000 ਤੋਂ ਵੱਧ ਨਵੇਂ ਕਲਾਸਰੂਮ ਬਣਾਏ, ਸਕੂਲਾਂ ਵਿੱਚ ਸੁਰਖਿਆ ਗਾਰਡ ਅਤੇ ਵਾਈ-ਫਾਈ ਲਗਾਏ – ਹਰਜੋਤ ਬੈਂਸ
ਚੰਡੀਗੜ੍ਹ, 17 ਅਕਤੂਬਰ ( ਵਿਸ਼ਵ ਵਾਰਤਾ)-ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸੁਧਾਰ ਹੋਇਆ ਹੈ। ਅੱਜ ਹਰ ਪਿੰਡ ਅਤੇ ਸ਼ਹਿਰ ਵਿੱਚ ਲੋਕ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ 8000 ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਬਾਊਂਡਰੀ ਨਹੀਂ ਸਨ। ਅਸੀਂ ਉਨ੍ਹਾਂ ਸਾਰੇ ਸਕੂਲਾਂ ਵਿੱਚ ਲਗਭਗ 1400 ਕਿਲੋਮੀਟਰ ਲੰਬੀ ਬਾਊਂਡਰੀ ਬਣਾਈ ਹੈ। 10,000 ਤੋਂ ਵੱਧ ਨਵੇਂ ਕਲਾਸਰੂਮ ਬਣਾਏ ਅਤੇ ਬੱਚਿਆਂ ਦੀ ਪੜ੍ਹਾਈ ਲਈ ਡੈਸਕ ਮੁਹੱਈਆ ਕਰਵਾਏ ਗਏ। ਇਸ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਫਰਨੀਚਰ ਨਾ ਹੋਣ ਕਾਰਨ ਇੱਕ ਲੱਖ ਦੇ ਕਰੀਬ ਬੱਚੇ ਫਰਸ਼ ‘ਤੇ ਬੈਠ ਕੇ ਪੜ੍ਹਦੇ ਸਨ। ਅਸੀਂ ਇਸ ਸਮੱਸਿਆ ਦਾ ਹੱਲ ਕੀਤਾ ਹੈ। 1400 ਸਕੂਲਾਂ ਵਿੱਚ ਲੜਕੀਆਂ ਲਈ ਬਾਥਰੂਮ ਨਹੀਂ ਸਨ। ਅਸੀਂ ਉਹ ਵੀ ਬਣਾਏ।
ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਦੇ ਨਾਲ-ਨਾਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ। 18,000 ਸਕੂਲਾਂ ਵਿੱਚ ਵਾਈ-ਫਾਈ ਲਗਾਇਆ ਗਿਆ ਹੈ। ਸਕੂਲਾਂ ਵਿੱਚ ਸੁਰੱਖਿਆ ਗਾਰਡ ਅਤੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ। ‘ਆਪ’ ਸਰਕਾਰ ਤੋਂ ਪਹਿਲਾਂ ਸਰਕਾਰੀ ਸਕੂਲਾਂ ਨੂੰ ਸਫਾਈ ਲਈ ਇਕ ਰੁਪਿਆ ਵੀ ਨਹੀਂ ਮਿਲਦਾ ਸੀ। ਹੁਣ 3000 ਤੋਂ ਲੈ ਕੇ 50,000 ਰੁਪਏ ਪ੍ਰਤੀ ਮਹੀਨਾ ਤੱਕ ਮਿਲ ਰਿਹਾ ਹੈ।
ਇਸ ਸਭ ਦੇ ਬਾਵਜੂਦ ਚੰਗੀ ਸਿੱਖਿਆ ਲਈ ਸਭ ਤੋਂ ਜ਼ਰੂਰੀ ਹੈ ਅਧਿਆਪਕਾਂ ਦੀ ਸਿਖਲਾਈ। ਅਸੀਂ ਸਾਰੇ ਸਕੂਲ ਆਫ਼ ਐਮੀਨੈਂਸ ਅਤੇ ਪੰਜਾਬ ਦੇ ਹੋਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੋਂ ਸਿਖਲਾਈ ਦਿੱਤੀ। ਅਸੀਂ ਹੁਣ ਤੱਕ 202 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜ ਚੁੱਕੇ ਹਾਂ। ਅਹਿਮਦਾਬਾਦ ਤੋਂ 152 ਹੈੱਡਮਾਸਟਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਹੁਣ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ।
ਇਸ ਦੇ ਲਈ ਪਿਛਲੇ ਮਹੀਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਿਖਲਾਈ ਲਈ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ। ਦਿੱਲੀ ਵਿੱਚ ਫਿਨਲੈਂਡ ਦੇ ਰਾਜਦੂਤ ਦੀ ਮੌਜੂਦਗੀ ਵਿੱਚ ਐਮਓਯੂ ਉੱਤੇ ਹਸਤਾਖਰ ਕੀਤੇ ਗਏ। ਸਿਖਲਾਈ ਤਿੰਨ ਹਫ਼ਤਿਆਂ ਲਈ ਹੋਵੇਗੀ। ਅਗਲਾ ਬੈਚ ਫਰਵਰੀ – ਮਾਰਚ 2025 ਵਿੱਚ ਭੇਜਿਆ ਜਾਵੇਗਾ।
ਇਸ ਐਮਓਯੂ ਤਹਿਤ ਪੰਜਾਬ ਸਰਕਾਰ ਆਪਣੇ ਅਧਿਆਪਕਾਂ ਨੂੰ ਕਿਸੇ ਵੀ ਸਮੇਂ ਫਿਨਲੈਂਡ ਭੇਜ ਸਕਦੀ ਹੈ ਜਾਂ ਫਿਨਲੈਂਡ ਤੋਂ ਅਧਿਆਪਕ ਪੰਜਾਬ ਆ ਸਕਦੇ ਹਨ। ਮੰਤਰੀ ਨੇ ਕਿਹਾ ਕਿ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਧਿਆਪਕਾਂ ਨਾਲ ਗੱਲਬਾਤ ਕਰਨਗੇ ਅਤੇ ਫਿਰ ਉਨ੍ਹਾਂ ਨੂੰ ਫਿਨਲੈਂਡ ਲਈ ਰਵਾਨਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਿਖਲਾਈ ਲਈ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਦੌਰਾਨ ਇਹ ਦੇਖਿਆ ਗਿਆ ਕਿ ਹਰੇਕ ਅਧਿਆਪਕ ਕੋਲ ਕਿੰਨਾ ਤਜ਼ਰਬਾ ਹੈ ਅਤੇ ਉਨ੍ਹਾਂ ਦੀ ਨੌਕਰੀ ਵਿੱਚ ਕਿੰਨੇ ਸਾਲ ਬਾਕੀ ਹਨ, ਤਾਂ ਜੋ ਸਿਖਲਾਈ ਤੋਂ ਬਾਅਦ ਉਹ ਘੱਟੋ-ਘੱਟ 10-15 ਸਾਲ ਤੱਕ ਬੱਚਿਆਂ ਨੂੰ ਪੜ੍ਹਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਦਾ ਪਿਛਲਾ ਰਿਕਾਰਡ ਵੀ ਚੈੱਕ ਕੀਤਾ ਗਿਆ।
ਇਸ ਦੇ ਨਾਲ ਹੀ ਜਿਹੜੇ ਮਾਪੇ ਆਪਣੇ ਬਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਉਨ੍ਹਾਂ ਵਿਚੋਂ 10 ਮਾਪਿਆਂ ਦੀਆਂ ਸਿਫ਼ਾਰਸ਼ਾਂ ਅਧਿਆਪਕਾਂ ਨੂੰ ਆਪਣੀ ਫਾਈਲ ‘ਚ ਲਗਾਉਣਾ ਸੀ। ਬੱਚਿਆਂ ਦੇ ਮਾਪਿਆਂ ਤੋਂ ਵੀ ਫੀਡਬੈਕ ਲਈ ਗਈ। ਫੋਨ ਕਰਕੇ ਕਰੀਬ 6000 ਮਾਪਿਆਂ ਦੀ ਰਾਏ ਮੰਗੀ ਗਈ। ਸਿੱਖਿਆ ਮੰਤਰੀ ਨੇ ਕਿਹਾ ਕਿ ਫਿਨਲੈਂਡ ਵਿੱਚ ਅਧਿਆਪਕਾਂ ਦੀ ਸਿਖਲਾਈ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।
Breaking news in Punjabi
Latest news in Punjabi
Punjab news
Top headlines in Punjabi
Breaking news in Punjabi
Latest news in Punjabi
Punjab news
Top headlines in Punjabi
Punjab news in Punjabi