Chandigarh : ਸੋਨੂੰ ਸ਼ਾਹ ਕਤਲ ਕੇਸ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੱਡੀ ਰਾਹਤ
— ਜਾਣੋ ਹਾਈ ਪ੍ਰੋਫ਼ਾਈਲ ਮਾਮਲੇ ‘ਚ ਕਿਵੇਂ ਹੋਏ ਬਰੀ!
ਚੰਡੀਗੜ੍ਹ, 20 ਫਰਵਰੀ 2026 (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਇਕ ਹਾਈ ਪ੍ਰੋਫਾਈਲ ਕਤਲ ਕੇਸ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੀਤੇ ਦਿਨੀ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦੇ ਉਸ ਦੇ ਦਫ਼ਤਰ ਵਿੱਚ ਹੋਏ ਕਤਲ ਕੇਸ ਦੀ 7 ਸਾਲ ਚੱਲੀ ਸੁਣਵਾਈ ਵਿੱਚ ਗੈਂਗਸਟਰ ਲਾਰੈਂਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ। ਅਦਾਲਤ ਵਿੱਚ ਪੁਲਿਸ ਦੇ ਸਬੂਤ ਅਤੇ ਦਲੀਲਾਂ ਕਮਜ਼ੋਰ ਸਾਬਤ ਹੋਈਆਂ। ਹਾਲਾਂਕਿ, ਲਾਰੈਂਸ ਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਹੈ, ਪਰ ਦੂਜੇ ਮਾਮਲਿਆਂ ਵਿੱਚ ਸਜ਼ਾ ਹੋਣ ਕਾਰਨ ਉਹ ਅਜੇ ਜੇਲ੍ਹ ਵਿੱਚ ਹੀ ਰਹੇਗਾ।
ਇਹ ਮਾਮਲਾ ਸਾਲ 2019 ਦਾ ਹੈ, ਜਦ 28 ਸਤੰਬਰ ਨੂੰ ਸੈਕਟਰ-45 ਦੇ ਬੁੜੈਲ ਪਿੰਡ ਵਿੱਚ ਪ੍ਰਾਪਰਟੀ ਡੀਲਰ ਰਾਜਵੀਰ ਸਿੰਘ ਉਰਫ਼ ਸੋਨੂੰ ਸ਼ਾਹ ਦਾ ਉਸ ਦੇ ਦਫ਼ਤਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਵਿੱਚ ਜੋਗਿੰਦਰ ਸਿੰਘ ਅਤੇ ਪਰਮਿੰਦਰ ਜ਼ਖ਼ਮੀ ਹੋਏ ਸਨ। 4 ਹਮਲਾਵਰਾਂ ਨੇ ਵਾਰਦਾਤ ਦੇ ਸਮੇਂ ਕਰੀਬ 14 ਰਾਊਂਡ ਫਾਇਰਿੰਗ ਕੀਤੀ, ਜਿਸ ਵਿੱਚ ਸੋਨੂੰ ਸ਼ਾਹ ਨੂੰ ਕਰੀਬ 10 ਗੋਲੀਆਂ ਲੱਗੀਆਂ। ਸ਼ਾਹ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੋਨੂੰ ਸ਼ਾਹ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਵੌਇਸ ਮੈਸੇਜ ਸਾਹਮਣੇ ਆਇਆ, ਜਿਸ ਵਿੱਚ ਲਾਰੈਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ। ਇਸ ਦੇ ਪਿੱਛੇ ਦੀ ਕੋਈ ਸਪੱਸ਼ਟ ਵਜ੍ਹਾ ਸਾਹਮਣੇ ਨਹੀਂ ਆਈ, ਪਰ ਪੁਲਿਸ ਨੇ ਇਸ ਨੂੰ ਕਾਰੋਬਾਰੀ ਰੰਜਿਸ਼ ਅਤੇ ਗੈਂਗਸਟਰਾਂ ਦੇ ਦਬਦਬੇ ਨਾਲ ਜੋੜ ਕੇ ਕੇਸ ਦਰਜ ਕੀਤਾ। ਉੱਥੇ ਹੀ ਲਾਰੈਂਸ ਦੇ ਨਾਂ ‘ਤੇ ਇੱਕ ਫੇਸਬੁੱਕ ਪੋਸਟ ਵੀ ਸਾਹਮਣੇ ਆਈ ਸੀ ਇਸ ਤੋਂ ਆਦਿ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਨੂੰ ਵੀ ਨਾਮਜ਼ਦ ਕੀਤਾ। ਲਾਰੈਂਸ ਤੋਂ ਇਲਾਵਾ ਧਰਮਿੰਦਰ ਸਿੰਘ, ਅਭਿਸ਼ੇਕ ਉਰਫ਼ ਬੰਟੀ, ਰਾਜੂ ਬਸੋਦੀ, ਦੀਪਕ ਰੰਗਾ, ਸ਼ੁਭਮ ਉਰਫ਼ ਬਿਗਨੀ, ਮਨਜੀਤ ਉਰਫ਼ ਮੋਟਾ ਅਤੇ ਰਾਜਨ ਉਰਫ਼ ਜਾਟ ਦੇ ਨਾਂ ਸ਼ਾਮਲ ਸਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪੂਰੇ ਕਤਲਕਾਂਡ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਅਦਾਲਤ ਵਿੱਚ ਲਾਰੈਂਸ ਸਮੇਤ ਸਾਰੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ। ਪਰ ਇਸ ਮਾਮਲੇ ਦੀ ਸੁਣਵਾਈ ਦੌਰਾਨ ਲਾਰੈਂਸ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਗੈਂਗਸਟਰ ਲਾਰੈਂਸ ਦਾ ਕਹਿਣਾ ਸੀ ਕਿ “ਮੈਂ ਸੋਨੂੰ ਸ਼ਾਹ ਨੂੰ ਜਾਣਦਾ ਤੱਕ ਨਹੀਂ, ਅਤੇ ਨਾ ਹੀ ਮੇਰਾ ਸ਼ੂਟਰਾਂ ਜਾਂ ਹੋਰ ਸਹਿ-ਮੁਲਜ਼ਮਾਂ ਨਾਲ ਕੋਈ ਸਬੰਧ ਹੈ। ਮੈਂ ਕਿਸੇ ਨੂੰ ਕਤਲ ਕਰਨ ਲਈ ਨਹੀਂ ਕਿਹਾ, ਸਾਰੇ ਇਲਜ਼ਾਮ ਝੂਠੇ ਹਨ।”
ਰਿਪੋਰਟਾਂ ਅਨੁਸਾਰ ਚੰਡੀਗੜ੍ਹ ਪੁਲਿਸ ਨੇ ਜਿਸ ਕਥਿਤ ਵੌਇਸ ਮੈਸੇਜ ਦੇ ਅਧਾਰ ‘ਤੇ ਲਾਰੈਂਸ ਨੂੰ ਇਸ ਕਤਲਕਾਂਡ ਲਈ ਜ਼ਿੰਮੇਵਾਰ ਠਹਿਰਾਇਆ ਸੀ, ਉਸ ਦੀ ਜਾਂਚ ਲਈ ਆਵਾਜ਼ ਦੇ ਨਮੂਨੇ ਤਾਂ ਲਏ ਗਏ, ਪਰ ਉਹਨਾਂ ਨੂੰ ਫੋਰੈਂਸਿਕ ਲੈਬ ਹੀ ਨਹੀਂ ਭੇਜਿਆ ਗਿਆ। ਜਿਸ ਕਾਰਨ ਉਹ ਅਦਾਲਤ ਵਿੱਚ ਪੁਖ਼ਤਾ ਸਬੂਤ ਨਹੀਂ ਬਣ ਸਕਿਆ। ਇਸ ਕਤਲਕਾਂਡ ਨੂੰ ਲੈ ਕੇ 2 ਗਵਾਹ ਵੀ ਸਨ। ਇਹਨਾਂ ਵਿੱਚ ਸ਼ੱਕੀ ਵਿਅਕਤੀਆਂ ਦੇ ਠਹਿਰਨ ਵਾਲੇ ਹੋਟਲ ਦਾ ਮੈਨੇਜਰ ਵਿਪਿਨ ਅਤੇ ਇੱਕ ਹੋਰ ਗਵਾਹ ਚੰਦਨ ਸੀ। ਮਾਮਲੇ ਦੀ ਸੁਣਵਾਈ ਦੌਰਾਨ ਇਹ ਦੋਵੇਂ ਅਹਿਮ ਗਵਾਹ ਆਪਣੇ ਪਹਿਲਾਂ ਦਿੱਤੇ ਗਏ ਬਿਆਨਾਂ ਤੋਂ ਮੁਕਰ ਗਏ। ਦੋਵਾਂ ਵਿੱਚੋਂ ਕਿਸੇ ਨੇ ਵੀ ਅਦਾਲਤ ਵਿੱਚ ਮੁਲਜ਼ਮ ਦੀ ਪਛਾਣ ਨਹੀਂ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















