chandigarh grenade attack ਮਾਮਲੇ ਚ ਵੱਡਾ ਅਪਡੇਟ
ਮੁੱਖ ਮੁਲਜਮ ਨੂੰ ਪੁਲਿਸ ਨੇ ਕੀਤਾ ਕਾਬੂ
ਚੰਡੀਗੜ੍ਹ 13 ਸਤੰਬਰ ( ਵਿਸ਼ਵ ਵਾਰਤਾ): ਚੰਡੀਗੜ੍ਹ ਗਰਨੇਡ ਹਮਲੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗਿਰਫਤਾਰੀ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਰੋਹਨ ਮਸੀਹ ਜੋ ਕਿ ਪਿੰਡ ਪਾਸੀਆਂ ਅੰਮ੍ਰਿਤਸਰ ਦਾ ਨਿਵਾਸੀ ਹੈ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਜੀਪੀ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਗਿਰਫਤਾਰੀ ਦੇ ਨਾਲ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ 9 ਐਮਐਮ ਦਾ ਗਲਾਕ ਪਿਸਟਲ ਵੀ ਬਰਾਮਦ ਕੀਤਾ ਹੈ। ਕੇਂਦਰੀ ਏਜੰਸੀਆਂ ਅਤੇ ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਇਸ ਪੂਰੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਕਿ ਗਿਰਫਤਾਰ ਕੀਤਾ ਮੁਲਜ਼ਮ ਫਿਲਹਾਲ ਸਟੇਟ ਪੁਲਿਸ ਆਪਰੇਸ਼ਨ ਸੈਲ ਦੀ ਹਿਰਾਸਤ ਦੇ ਵਿੱਚ ਹੈ। ਮੁਢਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਹਨ ਮਸੀਹ ਨੇ 11 ਸਤੰਬਰ ਨੂੰ ਹੋਏ ਗਰਨੇਡ ਹਮਲੇ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਡੀਜੀਪੀ ਨੇ ਦੱਸਿਆ ਹੈ ਕਿ ਰੋਹਨ ਮਸੀਹ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਹ ਇਸ ਹਮਲੇ ਦੇ ਵਿੱਚ ਸ਼ਾਮਿਲ ਸੀ।