ਹੋਰਮੁਜ਼ ‘ਚ ਜਹਾਜ਼ ਹਮਲੇ ‘ਚ ਭਾਰਤੀ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਈਰਾਨੀ ਰਾਜਦੂਤ ਨੂੰ ਕੀਤਾ ਤਲਬ
ਨਵੀ ਦਿੱਲੀ, 14 ਜੁਲਾਈ 2026 (ਵਿਸ਼ਵ ਵਾਰਤਾ): ਸਟ੍ਰੇਟ ਆਫ਼ ਹਾਰਮੁਜ਼ ਵਿੱਚ ਇੱਕ ਭਾਰਤੀ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਸਖ਼ਤ ਰੁਖ ਅਪਣਾਉਂਦੀ ਨਜ਼ਰ ਆ ਰਹੀ ਹੈ। ਖ਼ਬਰ ਹੈ ਕਿ ਵਿਦੇਸ਼ ਮੰਤਰਾਲੇ ਨੇ ਈਰਾਨੀ ਰਾਜਦੂਤ ਸਮੇਤ ਕਈ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਤਲਬ ਕੀਤਾ ਹੈ। ਇਨ੍ਹਾਂ ਵਿੱਚ ਡਿਪਟੀ ਚੀਫ਼ ਆਫ਼ ਮਿਸ਼ਨ ਮੁਹੰਮਦ ਜਵਾਦ ਹੁਸੈਨੀ ਵੀ ਸ਼ਾਮਲ ਹਨ। ਹਾਰਮੁਜ਼ ਵਿੱਚ ਈਰਾਨੀ ਮਿਜ਼ਾਈਲ ਹਮਲੇ ਵਿੱਚ 1 ਮੌਤ ਤੋਂ ਇਲਾਵਾ 6 ਭਾਰਤੀ ਨਾਗਰਿਕ ਜ਼ਖਮੀ ਵੀ ਹੋਏ ਸਨ।

ਭਾਰਤ ਨੇ ਹਾਰਮੁਜ਼ ਸਟ੍ਰੇਟ ਵਿੱਚ ਯੂਏਈ ਦੇ ਟੈਂਕਰ ਐਮਟੀ ਅਲ ਬਹੀਆ ਅਤੇ ਐਮਟੀ ਮੋਂਬਾਸਾ ‘ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਜਹਾਜ਼ਾਂ ‘ਤੇ 30 ਭਾਰਤੀ ਨਾਵਿਕ ਸਵਾਰ ਸਨ। ਹਮਲੇ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ।
ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਈਰਾਨ ਦੇ ਉਪ ਰਾਜਦੂਤ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਖੇਤਰ ਵਿੱਚ ਤੁਰੰਤ ਹਿੰਸਾ ਰੋਕਣ, ਨਾਵਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ‘ਤੇ ਸੁਰੱਖਿਅਤ ਆਵਾਜਾਈ ਤੇ ਨਿਰਵਿਘਨ ਵਪਾਰ ਬਹਾਲ ਕਰਨ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਏਈ ਯਾਨੀ ਸੰਯੁਕਤ ਅਰਬ ਅਮੀਰਾਤ ਨੇ ਦੱਸਿਆ ਕਿ ਹਾਰਮੁਜ਼ ਵਿੱਚ ਦੋ ਤੇਲ ਟੈਂਕਰਾਂ ‘ਤੇ ਕਥਿਤ ਈਰਾਨੀ ਮਿਜ਼ਾਈਲ ਹਮਲੇ ਹੋਏ ਹਨ। ਯੂਏਈ ਅਨੁਸਾਰ, ਇਸ ਕਥਿਤ ਹਮਲੇ ਵਿੱਚ ਚਾਲਕ ਦਲ ਦੇ ਇੱਕ ਭਾਰਤੀ ਮੈਂਬਰ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਗਈ ਹੈ। ਯੂਏਈ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਛੇ ਭਾਰਤੀ ਅਤੇ ਦੋ ਯੂਕਰੇਨੀ ਨਾਗਰਿਕ ਸ਼ਾਮਲ ਹਨ।
ਯੂਏਈ ਦੇ ਰੱਖਿਆ ਮੰਤਰਾਲੇ ਨੇ ਕਿਹਾ, ‘ਮੰਤਰਾਲਾ ਇਸ ਕਾਇਰਾਨਾ ਹਮਲੇ ਦੀ ਨਿੰਦਾ ਕਰਦਾ ਹੈ, ਜੋ ਅੰਤਰਰਾਸ਼ਟਰੀ ਕਾਨੂੰਨ ਦੀ ਗੰਭੀਰ ਉਲੰਘਣਾ ਹੈ ਅਤੇ ਖੇਤਰ ਦੀ ਸੁਰੱਖਿਆ ਤੇ ਸਥਿਰਤਾ ਲਈ ਸਿੱਧਾ ਖ਼ਤਰਾ ਪੈਦਾ ਕਰਦਾ ਹੈ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















