CBSE ਬੋਰਡ ਵੱਲੋਂ ਜਲਦੀ ਐਲਾਨਿਆ ਜਾਵੇਗਾ 10ਵੀਂ ਅਤੇ 12ਵੀਂ ਜਮਾਤ ਨਤੀਜਾ
ਚੰਡੀਗੜ੍ਹ, 12ਮਈ(ਵਿਸ਼ਵ ਵਾਰਤਾ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੀਆਂ ਇਸ ਸਾਲ ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਫਲਤਾਪੂਰਵਕ ਮੁਕੰਮਲ ਹੋ ਗਈਆਂ ਹਨ। ਇਸ ਸਾਲ, 21,499 ਸਕੂਲਾਂ ਦੇ ਕੁੱਲ 38 ਲੱਖ ਵਿਦਿਆਰਥੀਆਂ ਨੇ CBSE ਦੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ 2024 ਵਿੱਚ ਭਾਗ ਲਿਆ ਹੈ। ਰਿਪੋਰਟਾਂ ਅਨੁਸਾਰ ਸੀਬੀਐਸਈ ਬੋਰਡ ਨੇ ਨਤੀਜਿਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਕਿਸੇ ਵੀ ਵੇਲੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ। ਸੰਭਾਵਨਾ ਹੈ ਕਿ CBSE ਬੋਰਡ ਇਸੇ ਮਹੀਨੇ 10ਵੀਂ ਅਤੇ 12ਵੀਂ ਦੇ ਨਤੀਜੇ ਜਾਰੀ ਕਰੇਗਾ, ਨਤੀਜੇ 20 ਤੋਂ 22 ਮਈ ਦਰਮਿਆਨ ਜਾਰੀ ਕੀਤੇ ਜਾ ਸਕਦੇ ਹਨ। CBSE ਬੋਰਡ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਸੀਬੀਐਸਈ ਬੋਰਡ ਦਾ ਨਤੀਜਾ ਤਿਆਰ ਕਰ ਲਿਆ ਗਿਆ ਹੈ। ਇਹ ਸੰਭਵ ਹੈ ਕਿ 20 ਮਈ 2024 ਤੋਂ ਪਹਿਲਾਂ, ਜਾਂ ਫਿਰ ਇਕ ਅੱਧਾ ਦਿਨ ਅੱਗੇ ਪਿਛੇ ਨਤੀਜੇ ਜਾਰੀ ਹੋ ਸਕਦੇ ਹਨ। ਹਾਲਾਂਕਿ, ਸੀਬੀਐਸਈ ਬੋਰਡ ਨੇ ਅਜੇ ਤੱਕ ਇਸ ਸਾਲ ਦੇ ਨਤੀਜਿਆਂ ਦੀਆਂ ਤਰੀਕਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ CBSE ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ ਤੱਕ, ਜਦੋਂਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 2 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ।