CBI ਜਾਂਚ ਦਾ ਵਧਿਆ ਘੇਰਾ! ਹਰਚਰਨ ਭੁੱਲਰ ਮਾਮਲੇ ‘ਚ ਰਾਡਾਰ ‘ਤੇ ਪੰਜਾਬ ਦੇ ਕਈ IAS-IPS ਅਧਿਕਾਰੀ
ਚੰਡੀਗੜ੍ਹ, 28 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬ ਪੁਲਿਸ ਦੇ ਸਸਪੈਂਡ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀ.ਬੀ.ਆਈ. ਦੀ ਜਾਂਚ ਦਾ ਘੇਰਾ ਵਧ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀ ਏਜੰਸੀ ਦੀ ਰਾਡਾਰ ‘ਤੇ ਆ ਗਏ ਹਨ। ਜਾਂਚ ਏਜੰਸੀ ਨੂੰ ਨਵੇਂ ਅਤੇ ਅਹਿਮ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਪੰਜਾਬ ਦੇ ਕਈ IAS-IPS ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਸੀ.ਬੀ.ਆਈ. ਨੇ ਅਣਪਛਾਤੇ ਅਫਸਰਾਂ ਖਿਲਾਫ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਜੰਸੀ ਨੇ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੋਬਾਈਲ, ਅਸਲ ਦਸਤਾਵੇਜ਼ ਅਤੇ ਨਕਦੀ ਕਬਜ਼ੇ ਵਿੱਚ ਲੈਣ ਦੀ ਇਜਾਜ਼ਤ ਵੀ ਮੰਗੀ ਹੈ।
ਇਸ ਤੋਂ ਪਹਿਲਾਂ ਭੁੱਲਰ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਵੱਲੋਂ ਖਾਰਜ ਹੋ ਚੁੱਕੀ ਹੈ ਅਤੇ ਉਹ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹਨ ਪਿਛਲੇ ਸਾਲ 6 ਅਕਤੂਬਰ 2025 ਨੂੰ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਡੀ.ਆਈ.ਜੀ. ਭੁੱਲਰ ਦੇ ਟਿਕਾਣਿਆਂ ਤੋਂ 2 ਕਿਲੋ ਦੇ ਕਰੀਬ ਸੋਨਾ ਅਤੇ ਸਾਢੇ 7 ਕਰੋੜ ਕੈਸ਼ ਸਮੇਤ ਕਾਫੀ ਸਾਮਾਨ ਬਰਾਮਦ ਕੀਤਾ ਗਿਆ ਸੀ। ਜਾਂਚ ਦੌਰਾਨ ਇਲੈਕਟ੍ਰਾਨਿਕ ਉਪਕਰਣਾਂ ਦੀ ਫੋਰੈਂਸਿਕ ਜਾਂਚ, ਵਟਸਐਪ ਚੈਟ, ਪੁੱਛਗਿੱਛ ਅਤੇ ਦਸਤਾਵੇਜ਼ਾਂ ਤੋਂ ਕਈ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਦੇ ਸਬੂਤ ਮਿਲੇ ਹਨ। ਸੀ.ਬੀ.ਆਈ. ਦਾ ਦਾਅਵਾ ਹੈ ਕਿ ਮੁਲਜ਼ਮ ਆਪਣੀ ਪਹੁੰਚ ਦੀ ਵਰਤੋਂ ਕਰਕੇ ਨਿੱਜੀ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਬਦਲੇ ਰਿਸ਼ਵਤ ਲੈਂਦੇ ਸਨ।
ਸੀ.ਬੀ.ਆਈ. ਸੂਤਰਾਂ ਅਨੁਸਾਰ, ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਅਫ਼ਸਰ ਪਟਿਆਲਾ ਦੇ ਇੱਕ ਪ੍ਰਾਪਰਟੀ ਡੀਲਰ ਰਾਹੀਂ ਪ੍ਰਾਪਰਟੀ ਵਿੱਚ ਨਿਵੇਸ਼ ਕਰਦੇ ਹਨ। ਇਸ ਮਾਮਲੇ ਦੀ ਪੜਤਾਲ ਦੌਰਾਨ ਸੀ.ਬੀ.ਆਈ. ਨੂੰ ਅਜਿਹੇ 14 ਅਫ਼ਸਰਾਂ ਦਾ ਪਤਾ ਲੱਗਿਆ ਹੈ, ਜਿਨ੍ਹਾਂ ਵਿੱਚ 10 IPS ਅਤੇ 4 IAS ਅਧਿਕਾਰੀ ਸ਼ਾਮਲ ਸਨ। ਸੀ.ਬੀ.ਆਈ. ਦੀ ਛਾਣਬੀਣ ਵਿੱਚ ਇਹ ਸਾਹਮਣੇ ਆਇਆ ਹੈ ਕਿ 10 IPS ਅਧਿਕਾਰੀਆਂ ਵਿੱਚੋਂ 8 ਅਜੇ ਵੀ ਫੀਲਡ ਵਿੱਚ ਅਹਿਮ ਅਹੁਦਿਆਂ ‘ਤੇ ਤਾਇਨਾਤ ਹਨ, ਜਦੋਂ ਕਿ 2 ਪੰਜਾਬ ਪੁਲਿਸ ਦੀ ਅਕੈਡਮੀ ਵਿੱਚ ਹਨ।
ਸੀ.ਬੀ.ਆਈ. ਨੇ ਡੇਟਾ ਦੇ ਆਧਾਰ ‘ਤੇ ਦੱਸਿਆ ਕਿ ਕ੍ਰਿਸ਼ਨੂ ਅਫ਼ਸਰਾਂ ਨਾਲ ਮਿਲ ਕੇ ਨਾ ਸਿਰਫ਼ ਕੇਸਾਂ ਦੀ ਜਾਂਚ ਨੂੰ ਪ੍ਰਭਾਵਿਤ ਕਰਦਾ ਸੀ, ਸਗੋਂ ਟਰਾਂਸਫਰ-ਪੋਸਟਿੰਗ, ਅਸਲਾ ਲਾਇਸੈਂਸ ਬਣਵਾਉਣ ਤੋਂ ਲੈ ਕੇ FIR ਦਰਜ ਕਰਵਾਉਣ ਜਾਂ ਪਹਿਲਾਂ ਤੋਂ ਦਰਜ FIR ਖਾਰਜ ਕਰਵਾਉਣ ਤੱਕ ਦਾ ਕੰਮ ਵੀ ਕਰਦਾ ਸੀ। ਅਜਿਹੇ ਕਈ ਅਫ਼ਸਰ ਹਨ, ਜਿਨ੍ਹਾਂ ਵਿੱਚ IAS ਅਤੇ IPS ਅਫ਼ਸਰ ਵੀ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























