Canada: ਮਾਂਟਰੀਅਲ ‘ਚ ਹੋਈ ਫਾਇਰਿੰਗ, ਹਮਲਾਵਰ ਸਮੇਤ ਤਿੰਨ ਦੀ ਮੌਤ
– ਮ੍ਰਿਤਕਾਂ ‘ਚ ਇੱਕ ਪੁਲਿਸ ਅਧਿਕਾਰੀ ਵੀ
ਨਵੀਂ ਦਿੱਲੀ, 23 ਜੂਨ (ਵਿਸ਼ਵ ਵਾਰਤਾ): ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿੱਚ ਹੋਈ ਫਾਇਰਿੰਗ ਮਾਮਲੇ ‘ਚ ਤਿੰਨ ਜਣਿਆ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਪੁਲਿਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਇੱਕ ਯਹੂਦੀ ਇਲਾਕੇ ‘ਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਇੱਕ ਪੁਲਿਸ ਅਧਿਕਾਰੀ, ਇੱਕ ਸਥਾਨਕ ਨਿਵਾਸੀ ਅਤੇ ਕਥਿਤ ਹਮਲਾਵਰ ਵੀ ਸ਼ਾਮਲ ਹੈ। ਹਮਲੇ ਦੇ ਉਦੇਸ਼ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਹ ਘਟਨਾ ਕਈ ਕੋਸ਼ਰ ਰੈਸਟੋਰੈਂਟਾਂ ਅਤੇ ਸੁਪਰਮਾਰਕੀਟਾਂ ਲਈ ਜਾਣੇ ਜਾਂਦੇ ਖੇਤਰ ਵਿੱਚ ਵਾਪਰੀ।
ਇਸ ਸੰਬੰਧੀ ਪੁਲਿਸ ਮੁਖੀ ਫਾਦੀ ਡਾਗਰ ਨੇ ਕਿਹਾ ਕਿ ਸ਼ਹਿਰ ਦੇ ਕੋਟ-ਡੇਸ-ਨੀਗੇਸ ਖੇਤਰ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਹੋਰ ਪੁਲਿਸ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਪਰ ਉਸਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਕੇ ਮੌਕੇ ‘ਤੇ ਹੀ ਢੇਰ ਕਰ ਦਿੱਤਾ। ਪੁਲਿਸ ਮੁਖੀ ਨੇ ਕਿਹਾ ਕਿ 24 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਮਾਂਟਰੀਅਲ ਪੁਲਿਸ ਅਧਿਕਾਰੀ ਡਿਊਟੀ ਦੌਰਾਨ ਮਾਰਿਆ ਗਿਆ ਹੈ।
ਮਾਂਟਰੀਅਲ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਇੱਕ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























