Canada ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ; ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ!
– ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਤਿੰਨ ਸਾਲ ਪਹਿਲਾਂ ਗਿਆ ਸੀ ਵਿਦੇਸ਼
ਚੰਡੀਗੜ੍ਹ, 15 ਅਪ੍ਰੈਲ 2026 (ਵਿਸ਼ਵ ਵਾਰਤਾ): ਜਲੰਧਰ ਤੋਂ ਕੈਨੇਡਾ ਵਿੱਚ ਪੜ੍ਹਾਈ ਲਈ ਗਏ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨੌਜਵਾਨ ਮਾਂਟਰੀਅਲ ਸ਼ਹਿਰ ਵਿੱਚ ਰਹਿ ਰਿਹਾ ਸੀ। ਉਸਦੀ ਪਛਾਣ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਕੈਨੇਡਾ ਵਿੱਚ ਰਹਿ ਰਹੀ ਭੈਣ ਨੇ ਦੱਸਿਆ ਕਿ ਅਕਾਸ਼ਦੀਪ 2023 ਵਿੱਚ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਇਆ ਸੀ। ਅਕਾਸ਼ਦੀਪ ਦੀ ਮੌਤ ਤੋਂ ਬਾਅਦ ਉਸਦੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕ ਅਕਾਸ਼ਦੀਪ ਦੀ ਭੈਣ ਨੇ ਦੱਸਿਆ ਕਿ ਅਕਾਸ਼ਦੀਪ 7 ਅਪ੍ਰੈਲ ਨੂੰ ਰੋਜ਼ਾਨਾ ਦੀ ਤਰ੍ਹਾਂ ਕਾਲਜ ਗਿਆ ਸੀ। ਉੱਥੋਂ ਆਉਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਵੇਂ ਹੀ ਉਸਦੇ ਰੂਮਮੇਟ ਨੂੰ ਪਤਾ ਲੱਗਿਆ, ਉਹ ਤੁਰੰਤ ਉਸਨੂੰ ਹਸਪਤਾਲ ਲੈ ਗਏ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਅਕਾਸ਼ਦੀਪ ਦੇ ਪਰਿਵਾਰ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁੱਤਰ ਨੂੰ ਵਿਦੇਸ਼ ਭੇਜਣ ਲਈ ਪਰਿਵਾਰ ਨੇ ਭਾਰੀ ‘ਸਟੱਡੀ ਲੋਨ’ ਲਿਆ ਸੀ। ਹੁਣ ਨਾ ਸਿਰਫ਼ ਪਰਿਵਾਰ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ, ਸਗੋਂ ਉਨ੍ਹਾਂ ਸਿਰ ਕਰਜ਼ੇ ਦਾ ਵੱਡਾ ਆਰਥਿਕ ਬੋਝ ਵੀ ਹੈ। ਕੈਨੇਡਾ ਵਿੱਚ ਅੰਤਿਮ ਸੰਸਕਾਰ ਅਤੇ ਕਾਨੂੰਨੀ ਕਾਗਜ਼ੀ ਕਾਰਵਾਈ ਦੇ ਖਰਚਿਆਂ ਨੂੰ ਦੇਖਦੇ ਹੋਏ ਸਥਾਨਕ ਭਾਈਚਾਰੇ ਨੇ ‘ਗੋ ਫੰਡ ਮੀ’ ‘ਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਭੈਣ ਨੇ ਦੱਸਿਆ ਕਿ ਅਕਾਸ਼ਦੀਪ ਦਾ ਅੰਤਿਮ ਸੰਸਕਾਰ ਅਜੇ ਨਹੀਂ ਕੀਤਾ ਗਿਆ ਹੈ। ਉਸਦੀ ਦੇਹ ਨੂੰ ਭਾਰਤ ਲੈ ਕੇ ਜਾਣ ਲਈ ਪੈਸਿਆਂ ਦੀ ਲੋੜ ਹੈ ਅਤੇ ਉਹ ਆਨਲਾਈਨ ਫੰਡ ਇਕੱਠਾ ਕਰ ਰਹੇ ਹਨ। ਪਰਿਵਾਰ ਵੱਲੋਂ ਲੋਕਾਂ ਨੂੰ ਵਿੱਤੀ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























