Breaking: ਵਿਸਾਖੀ ਮੇਲੇ ਤੋਂ ਵਾਪਿਸ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ: 6 ਦੀ ਮੌਤ, 15 ਜ਼ਖਮੀ
ਫਤਿਹਗੜ੍ਹ ਸਾਹਿਬ, 15 ਅਪ੍ਰੈਲ 2026 – ਫਤਿਹਗੜ੍ਹ ਸਾਹਿਬ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਪਲਟ ਗਈ। ਇਸ ਹਾਦਸੇ ‘ਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਜਦੋਂ ਕਿ 15 ਸ਼ਰਧਾਲੂ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਵਿੱਚ 40 ਸ਼ਰਧਾਲੂ ਸਵਾਰ ਸਨ। ਇਹ ਘਟਨਾ ਦੇਰ ਰਾਤ ਵਾਪਰੀ।
ਸ਼ਰਧਾਲੂ ਆਨੰਦਪੁਰ ਸਾਹਿਬ ਵਿੱਚ ਵਿਸਾਖੀ ਮੇਲੇ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ, ਪਿੰਡ ਹਿੰਮਤਪੁਰਾ ਨੇੜੇ ਬੱਸ ਵਿੱਚ ਤਕਨੀਕੀ ਨੁਕਸ ਪੈ ਗਿਆ। ਬਾਅਦ ਵਿੱਚ ਬੱਸ ਕੰਟਰੋਲ ਤੋਂ ਬਾਹਰ ਹੋ ਗਈ, ਬਿਜਲੀ ਦੇ ਖੰਭੇ ਨਾਲ ਟਕਰਾ ਗਈ ਅਤੇ ਪਲਟ ਗਈ। ਬੱਸ ਵਿੱਚ ਸਵਾਰ ਯਾਤਰੀਆਂ ਦਾ ਕਹਿਣਾ ਹੈ ਕਿ ਪਲਟਣ ਤੋਂ ਬਾਅਦ ਅਚਾਨਕ ਬੱਸ ‘ਚ ਕਰੰਟ ਆ ਗਿਆ। ਹਾਦਸੇ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਅਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। 12 ਜ਼ਖਮੀਆਂ ਨੂੰ ਮੋਰਿੰਡਾ ਅਤੇ 9 ਨੂੰ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ। ਬੱਸ ਨੂੰ ਸਾਈਡ ‘ਤੇ ਕੀਤਾ ਗਿਆ।
ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਬੱਸ ਵਿੱਚ ਸਵਾਰ ਸ਼ਰਧਾਲੂ ਬੱਸੀ ਪਠਾਣਾ ਦੇ ਨੇੜੇ ਮੇਨ ਮਾਜਰੀ ਪਿੰਡ ਦੇ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਦੇਰ ਰਾਤ ਹੋਇਆ। ਜਦੋਂ ਉਨ੍ਹਾਂ ਨੂੰ ਹਾਦਸੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਹੋਰ ਸਥਾਨਕ ਲੋਕਾਂ ਨੂੰ ਬੁਲਾਇਆ ਅਤੇ ਬੱਸ ਵਿੱਚ ਫਸੇ ਲੋਕਾਂ ਨੂੰ ਬਚਾਇਆ। ਐਂਬੂਲੈਂਸ ਬਹੁਤ ਦੇਰ ਨਾਲ ਪਹੁੰਚੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























