Breaking News: ਬਾਦਲਕੇ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਨਜ਼ਰ ਅੰਦਾਜ਼ ਕਰਕੇ ਅਕਾਲ ਤਖ਼ਤ ਨਾਲ਼ ਮੱਥਾ ਲਾ ਰਹੇ ਹਨ – ਮਨਜੀਤ ਸਿੰਘ ਭੋਮਾ
ਦਿੱਲੀ/ਚੰਡੀਗੜ੍ਹ,12 ਜਨਵਰੀ (ਵਿਸ਼ਵ ਵਾਰਤਾ):-ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਰਾਹੀਂ ਬਾਦਲ ਦਲੀਆਂ ਤੇ ਦੋਸ਼ ਲਾਇਆ ਹੈ ਉਹ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦੋ ਦਸੰਬਰ ਨੂੰ ਹੋਏ ਆਦੇਸ਼ ਨੂੰ ਵਾਰ ਵਾਰ ਵੰਗਾਰ ਕੇ ਅਕਾਲ ਤਖ਼ਤ ਨਾਲ਼ ਮੱਥਾ ਲਾ ਰਹੇ ਹਨ ।
ਇੱਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਣ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਸੁਖਬੀਰ ਬਾਦਲ ਅਤੇ ਉਸਦੀ ਜੁੰਡਲੀ ਚਤੁਰ ਚਤੁਰਾਈਆਂ ਨਾਲ ਕਿਸ਼ਤਾਂ ਨਾਲ਼ ਲਾਗੂ ਕਰ ਰਹੀ ਹੈ।
ਜੋ ਕਦੇ ਵੀ ਖਾਲਸਾ ਪੰਥ ਨੂੰ ਪ੍ਰਵਾਨ ਨਹੀਂ ਹੋਵੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਜੀ ਵੱਲੋਂ 2 ਦਸੰਬਰ ਦੇ ਆਦੇਸ਼ ਨੂੰ ਇਨ ਬਿਨ ਲਾਗੂ ਕਰਨ ਦਾ ਪੈਗਾਮ ਦਿੱਤਾ ਗਿਆ ਸੀ। ਪਰ ਅਕਾਲੀ ਦਲ ਬਾਦਲ ਦੀ ਜੁੰਡਲੀ ਆਨਾ ਕਾਨੀ ਕਰਕੇ ਆਦੇਸ਼ ਮੰਨਣ ਤੋਂ ਇਨਕਾਰੀ ਹੋ ਰਹੀ ਹੈ।
ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ ਪੰਥ ਦੀ ਗੱਡੀ ਖਤਾਨਾਂ ਵਿੱਚ ਸੁੱਟ ਦਿੱਤੀ ਹੈ ਪਰ ਹਾਲੇ ਤੱਕ ਕੰਧ ਤੇ ਲਿਖਿਆ ਨਹੀਂ ਪੜ੍ਹ ਰਹੇ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਬਾਕੀ ਲੀਡਰਸ਼ਿਪ ਦੇ ਅਸਤੀਫੇ ਵੀ ਪ੍ਰਵਾਨ ਕਰਨ ਦਾ ਆਦੇਸ਼ ਕੀਤਾ ਗਿਆ ਸੀ। ਪਰ ਉਹ ਪ੍ਰਵਾਨ ਨਹੀਂ ਕੀਤੇ ਗਏ । ਉਹਨਾ ਕਿਹਾ ਕਿ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੇ ਡੈਲੀਗੇਟ ਦੀ ਭਰਤੀ ਕਰ ਸਕਦੀ ਹੈ ਪਰ ਅਕਾਲੀ ਜੁੰਡਲੀ ਨੇ ਆਪਣੇ ਆਪ ਹੀ ਡੈਲੀਗੇਟ ਭਰਤੀ ਕਰਨ ਲਈ ਡਿਊਟੀਆਂ ਲਗਾ ਕੇ ਹੁਕਮਨਾਮੇ ਦੀ ਉਲੰਘਣਾ ਹੀ ਨਹੀਂ ਕੀਤੀ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਠੇਸ ਵੀ ਪਹੁੰਚਾਇਆ ਹੈ ਤੇ ਚੈਲੰਜ ਵੀ ਕੀਤਾ ਹੈ।
ਇਹ ਜੁੰਡਲੀ ਅਕਾਲੀ ਅਖਵਾਉਣ ਦਾ ਨੈਤਿਕ ਹੱਕ ਵੀ ਗਵਾ ਚੁੱਕੀ ਹੈ। ਜਥੇਦਾਰ ਸਾਹਿਬ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ। ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਅੱਜ ਵੀ ਸਟੈਂਡ ਕਰਦੀ ਹੈ । ਫ਼ਿਰ ਕਿਸ ਅਧਾਰ ਤੇ ਅਕਾਲੀ ਦਲ ਬਾਦਲ ਵਲੋਂ ਭਰਤੀ ਕਰਨ ਲਈ ਦੀਆਂ ਅਕਾਲੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ? ਕੀ ਦਲਜੀਤ ਸਿੰਘ ਚੀਮਾ ਇਸ ਦਾ ਉੱਤਰ ਦੇ ਸਕਦਾ ਹੈ ? ਕੀ ਧਾਮੀ ਸਾਹਿਬ ਜੋ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਹਨ ਕੀ ਕਮੇਟੀ ਦੀ ਮੀਟਿੰਗ ਬੁਲਾਉਣਗੇ? ਜੇ ਨਹੀਂ ਬੁਲਾਉਣਗੇ ਤਾਂ ਫਿਰ ਧਾਮੀ ਸਾਹਿਬ ਵੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕਰ ਰਹੇ ਹਨ।
ਦੂਸਰੇ ਪਾਸੇ ਧਾਮੀ ਸਾਹਿਬ ਨੇ ਜਥੇਦਾਰ ਅਕਾਲ ਤਖ਼ਤ ਦੇ ਅਧਿਕਾਰ ਖੇਤਰ ਨੂੰ ਚੈਲੰਜ ਕਰਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਸਦਾ ਧਾਮੀ ਸਾਹਿਬ ਕੋਲ਼ ਪੰਜ ਸਿੰਘ ਸਾਹਿਬਾਨਾਂ ਵਿਰੁੱਧ ਜਾਂਚ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਜਿਸਦਾ ਜਥੇਦਾਰ ਸਾਹਿਬ ਵਿਰੋਧ ਵੀ ਕਰ ਚੁੱਕੇ ਹਨ ਪਰ ਹਾਲੇ ਤੱਕ ਧਾਮੀ ਸਾਹਿਬ ਨੇ ਉਹ ਕਮੇਟੀ ਭੰਗ ਵੀ ਨਹੀਂ ਕੀਤੀ । ਜਿਸਦਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਹੈ।