Breaking News : ਪਾਕਿਸਤਾਨ ਦਾ ਸਾਬਕਾ ISI ਪ੍ਰਮੁੱਖ ਫ਼ੈਜ਼ ਹਮੀਦ ਗਿਰਫ਼ਤਾਰ ; ਕੋਟ ਮਾਰਸ਼ਲ ਦਾ ਚੱਲੇਗਾ ਕੇਸ
ਨਵੀਂ ਦਿੱਲੀ, 13 ਅਗਸਤ (ਵਿਸ਼ਵ ਵਾਰਤਾ)Breaking News: ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਸਾਬਕਾ ਮੁਖੀ ਫੈਜ਼ ਹਮੀਦ ਨੂੰ ਸੋਮਵਾਰ ਨੂੰ ਫੌਜ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਟਾਪ ਸਿਟੀ ਹਾਊਸਿੰਗ ਸਕੀਮ ਘਪਲੇ ਦੇ ਮਾਮਲੇ ਵਿੱਚ ਕੀਤੀ ਗਈ ਹੈ। ਫੌਜ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਮੀਦ ਖ਼ਿਲਾਫ਼ ਪਾਕਿਸਤਾਨ ਆਰਮੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਕਿ ਘੁਟਾਲੇ ਦੇ ਮਾਮਲੇ ‘ਚ ਉਸ ਦੇ ਖਿਲਾਫ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ, ਪਾਕਿਸਤਾਨੀ ਫੌਜ ਦੀ ਇਕ ਟੀਮ ਨੇ ਟਾਪ ਸਿਟੀ ਮਾਮਲੇ ‘ਚ ਸਾਬਕਾ ਲੈਫਟੀਨੈਂਟ ਜਨਰਲ ਫੈਜ਼ ਹਮੀਦ ਖਿਲਾਫ ਦਰਜ ਸ਼ਿਕਾਇਤਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਸੀ, ਜਿਸ ‘ਚ ਫੈਜ਼ ਅਹਿਮਦ ਖਿਲਾਫ ਕਈ ਮਾਮਲੇ ਸਾਹਮਣੇ ਆਏ ਹਨ। ਜਾਂਚ ‘ਚ ਪਾਇਆ ਗਿਆ ਕਿ ਰਿਟਾਇਰਮੈਂਟ ਤੋਂ ਬਾਅਦ ਹਮੀਦ ਨੇ ਪਾਕਿਸਤਾਨ ਆਰਮੀ ਐਕਟ ਦੀ ਵੀ ਉਲੰਘਣਾ ਕੀਤੀ ਹੈ। ਹਮੀਦ ‘ਤੇ ਅਹੁਦੇ ਦੀ ਦੁਰਵਰਤੋਂ ਦਾ ਵੀ ਦੋਸ਼ ਹੈ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੇ ਕਿਸੇ ਸਾਬਕਾ ਖੁਫੀਆ ਮੁਖੀ ਖਿਲਾਫ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪਿਛਲੇ ਸਾਲ ਹਾਊਸਿੰਗ ਸੁਸਾਇਟੀ ਟਾਪ ਸਿਟੀ ਦੇ ਮਾਲਕ ਮੋਈਜ਼ ਖਾਨ ਨੇ ਸੁਪਰੀਮ ਕੋਰਟ ਵਿੱਚ ਸ਼ਿਕਾਇਤ ਕੀਤੀ ਸੀ ਕਿ ਆਈਐਸਆਈ ਮੁਖੀ ਨੇ ਬਿਨਾਂ ਕਿਸੇ ਠੋਸ ਕਾਰਨ ਉਸ ਦੇ ਘਰ ਅਤੇ ਦਫ਼ਤਰਾਂ ਵਿੱਚ ਛਾਪੇ ਮਾਰੇ ਸਨ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਸਬੰਧਤ ਅਧਿਕਾਰੀਆਂ ਖ਼ਿਲਾਫ਼ ਰੱਖਿਆ ਮੰਤਰਾਲੇ ਕੋਲ ਸ਼ਿਕਾਇਤ ਕਰਨ ਲਈ ਕਿਹਾ ਸੀ। ਨਵੰਬਰ 2023 ਵਿੱਚ ਅਦਾਲਤ ਨੇ ਆਪਣੇ ਲਿਖਤੀ ਹੁਕਮ ਵਿੱਚ ਕਿਹਾ ਸੀ ਕਿ ਮੁਖੀ ਸੇਵਾਮੁਕਤ ਲੈਫਟੀਨੈਂਟ ਜਨਰਲ ਫੈਜ਼ ਹਮੀਦ ਖ਼ਿਲਾਫ਼ ਬੇਹੱਦ ਗੰਭੀਰ ਕਿਸਮ ਦੇ ਦੋਸ਼ ਹਨ। ਜੇਕਰ ਇਹ ਸੱਚ ਸਾਬਤ ਹੁੰਦੇ ਹਨ, ਤਾਂ ਉਹ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ, ਆਈਐਸਆਈ ਅਤੇ ਪਾਕਿਸਤਾਨ ਰੇਂਜਰਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਗੇ, ਇਸ ਲਈ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।