Breaking News: ਕਿਸਾਨ ਹੁਣ ਨਹੀਂ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ – ਸਰਵਨ ਸਿੰਘ ਪੰਧੇਰ ਕਿਸਾਨ ਆਗੂ
ਪਟਿਆਲਾ,30 ਨਵੰਬਰ (ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਲੰਘੀ ਦੇਰ ਸ਼ਾਮ ਡੀਐਮਸੀ ਤੋਂ ਸਰਕਾਰ ਵੱਲੋਂ ‘ਰਿਹਾਅ’ ਕਰਨ ਉਪਰੰਤ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪਹਿਲੀ ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਨੂੰ ਘੇਰਨ ਦਾ ਉਲੀਕਿਆ ਗਿਆ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਅੱਜ ਤੜਕੇ ਸ਼ੰਭੂ ਬਾਰਡਰ ਤੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਦੋਵਾਂ ਫੋਰਮਾ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਦੇ ਬਣਾਏ ਗਏ ਪ੍ਰੋਗਰਾਮ ਦੇ ਤਹਿਤ ਤਿਆਰੀਆਂ ਸਿਖਰਾਂ ‘ਤੇ ਹੋਣ ਦੀ ਜਾਣਕਾਰੀ ਵੀ ਦਿੱਤੀ ਅਤੇ ਦੱਸਿਆ ਕਿ ਇਸ ਕੜੀ ਵਜੋਂ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੀ ਆਮਦ ਤੇਜ ਹੋ
ਗਈ ਹੈ।