Breaking: ਅਮਰੀਕਾ ‘ਚ ਭਾਰਤੀ ਮੂਲ ਦਾ ਕਾਰੋਬਾਰੀ ਗ੍ਰਿਫ਼ਤਾਰ, ਪੜ੍ਹੋ ਕੀ ਨੇ ਦੋਸ਼ ?
ਚੰਡੀਗੜ੍ਹ, 11 ਜੂਨ (ਵਿਸ਼ਵ ਵਾਰਤਾ): ਅਮਰੀਕਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਮਹਿੰਦਰ ਮਖੀਜਾਨੀ ਨੂੰ ਕਥਿਤ 100 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਉਸ ਨੇ ਰੀਅਲ ਐਸਟੇਟ ਲੋਨ ਹਾਸਲ ਕਰਨ ਲਈ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਕੀਤੀ ਅਤੇ ਨਿਵੇਸ਼ਕਾਂ ਤੇ ਵਿੱਤੀ ਸੰਸਥਾਵਾਂ ਨੂੰ ਗੁੰਮਰਾਹ ਕੀਤਾ। ਇਸ ਤੋਂ ਇਲਾਵਾ ਮਖੀਜਾਨੀ ‘ਤੇ ਸੈਕਸ ਅਤੇ ਡਰੱਗ ਪਾਰਟੀਆਂ ਦਾ ਆਯੋਜਨ ਕਰਨ ਦਾ ਵੀ ਦੋਸ਼ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਮਖੀਜਾਨੀ ਸੈਕਸ ਅਤੇ ਡਰੱਗ ਪਾਰਟੀਆਂ ‘ਚ ਸ਼ਾਮਿਲ ਲੋਕਾਂ ਨੂੰ ਬਲੈਕਮੇਲ ਕਰਦਾ ਸੀ। 44 ਸਾਲਾ ਮਹਿੰਦਰ ਮਖੀਜਾਨੀ ਅਮਰੀਕਾ ਦੇ ਕੈਲੀਫੋਰਨੀਆ ਦੇ ਕੋਰੋਨਾ ਡੇਲ ਮਾਰ ਖੇਤਰ ਵਿੱਚ ਰਹਿੰਦਾ ਸੀ। ਉਸਨੂੰ ਬੁੱਧਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਮਖੀਜਾਨੀ ਵਿਰੁੱਧ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।
ਜਾਂਚ ਏਜੰਸੀਆਂ ਦੇ ਮੁਤਾਬਕ, ਇਹ ਕਥਿਤ ਧੋਖਾਧੜੀ ਸਤੰਬਰ 2024 ਤੋਂ ਅਪ੍ਰੈਲ 2025 ਦਰਮਿਆਨ ਕੀਤੀ ਗਈ। ਮਖੀਜਾਨੀ ‘ਤੇ ਦੋਸ਼ ਹੈ ਕਿ ਉਸ ਨੇ ਜਾਇਦਾਦਾਂ ਅਤੇ ਕਰਜ਼ਿਆਂ ਨਾਲ ਸਬੰਧਤ ਦਸਤਾਵੇਜ਼ਾਂ ਵਿੱਚ ਗਲਤ ਜਾਣਕਾਰੀ ਦੇ ਕੇ ਵੱਡੀ ਰਕਮ ਦੇ ਲੋਨ ਪ੍ਰਾਪਤ ਕੀਤੇ।
ਨਿਊਪੋਰਟ ਬੀਚ ਅਧਾਰਿਤ ਇੱਕ ਰੀਅਲ ਐਸਟੇਟ ਕੰਪਨੀ ਦੇ ਮੁਖੀ ਰਹੇ ਮਖੀਜਾਨੀ ਨੂੰ ਫੈਡਰਲ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਉਸ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸ਼ੀ ਪਾਏ ਜਾਣ ‘ਤੇ ਉਸਨੂੰ 30 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਗ੍ਰਿਫ਼ਤਾਰੀ ਨੇ ਅਮਰੀਕੀ ਰੀਅਲ ਐਸਟੇਟ ਖੇਤਰ ਵਿੱਚ ਵਿੱਤੀ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























