Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ
ਆਸਟ੍ਰੇਲੀਆ ਨੇ ਦੂਜੀ ਪਾਰੀ ‘ਚ ਗਵਾਈਆਂ 6 ਵਿਕਟਾਂ
ਜਾਣੋ, ਹੁਣ ਤੱਕ ਦੇ ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਜਾਰੀ ਹੈ।ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ‘ਚ ਆਸਟ੍ਰੇਲੀਆ ਖਿਲਾਫ ਪਹਿਲੀ ਪਾਰੀ ‘ਚ 369 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਦੂਜੇ ਸੈਸ਼ਨ ‘ਚ ਆਸਟ੍ਰੇਲੀਆ ਨੇ ਦੂਜੀ ਪਾਰੀ ‘ਚ 6 ਵਿਕਟਾਂ ‘ਤੇ 103 ਦੌੜਾਂ ਬਣਾ ਲਈਆਂ ਹਨ। ਟੀਮ ਦੀ ਕੁੱਲ ਬੜ੍ਹਤ 208 ਦੌੜਾਂ ਹੈ। ਮਾਰਨਸ ਲੈਬੁਸ਼ਗਨ ਅਤੇ ਪੈਟ ਕਮਿੰਸ ਕ੍ਰੀਜ਼ ‘ਤੇ ਹਨ। ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਐਲੇਕਸ ਕੈਰੀ (2 ਦੌੜਾਂ), ਮਿਸ਼ੇਲ ਮਾਰਸ਼ (0), ਟ੍ਰੈਵਿਸ ਹੈੱਡ (1 ਦੌੜਾਂ) ਅਤੇ ਸੈਮ ਕੋਂਸਟਾਸ (8 ਦੌੜਾਂ) ਦੀਆਂ ਵਿਕਟਾਂ ਲਈਆਂ।
ਇਸ ਦੇ ਨਾਲ ਹੀ ਮੁਹੰਮਦ ਸਿਰਾਜ ਨੇ ਸਟੀਵ ਸਮਿਥ ਅਤੇ ਉਸਮਾਨ ਖਵਾਜਾ ਨੂੰ ਪੈਵੇਲੀਅਨ ਭੇਜਿਆ।
ਮੈਲਬੌਰਨ ਵਿੱਚ ਅੱਜ ਮੈਚ ਦੇ ਚੌਥੇ ਦਿਨ ਭਾਰਤ ਨੇ 358 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਕੁੱਲ ਸਕੋਰ ਵਿੱਚ 11 ਦੌੜਾਂ ਜੋੜੀਆਂ। ਨਿਤੀਸ਼ ਰੈੱਡੀ 189 ਗੇਂਦਾਂ ‘ਤੇ 114 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਮੁਹੰਮਦ ਸਿਰਾਜ 15 ਗੇਂਦਾਂ ‘ਚ 4 ਦੌੜਾਂ ਬਣਾ ਕੇ ਨਾਬਾਦ ਪਰਤੇ। ਇੱਥੇ ਆਸਟ੍ਰੇਲੀਆ ਨੂੰ 105 ਦੌੜਾਂ ਦੀ ਲੀਡ ਮਿਲ ਗਈ ਹੈ। ਪੈਟ ਕਮਿੰਸ, ਸਕਾਟ ਬੋਲੈਂਡ ਅਤੇ ਨਾਥਨ ਲਿਓਨ ਨੇ 3-3 ਵਿਕਟਾਂ ਲਈਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 474 ਦੌੜਾਂ ਬਣਾਈਆਂ ਸਨ।
ਫਿਲਹਾਲ 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ 295 ਦੌੜਾਂ ਨਾਲ ਜਿੱਤਿਆ ਸੀ ਜਦਕਿ ਦੂਜਾ ਮੈਚ ਆਸਟ੍ਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਸੀ। ਤੀਜਾ ਮੈਚ ਡਰਾਅ ਰਿਹਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/