Bomb Threat : ਨਹੀਂ ਰੁਕ ਰਿਹਾ ਉਡਾਣਾਂ ’ਚ ਬੰਬ ਹੋਣ ਦੀਆਂ ਧਮਕੀਆਂ ਦਾ ਸਿਲਸਿਲਾ
ਹੁਣ ਇੰਡੀਗੋ-ਵਿਸਤਾਰਾ,ਏਅਰ ਇੰਡੀਆ ਦੀਆਂ 30 ਉਡਾਣਾਂ ਵਿੱਚ ਬੰਬ ਦੀ ਧਮਕੀ
ਚੰਡੀਗੜ੍ਹ, 22ਅਕਤੂਬਰ(ਵਿਸ਼ਵ ਵਾਰਤਾ) ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਡਾਣਾਂ ਵਿੱਚ ਬੰਬ ਹੋਣ ਦੀਆਂ ਧਮਕੀਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਸਿਲਸਿਲਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਸੋਮਵਾਰ ਦੇਰ ਰਾਤ 30 ਜਹਾਜ਼ਾਂ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਵਿੱਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ (ਏਆਈ) ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਿਛਲੇ 8 ਦਿਨਾਂ ‘ਚ 120 ਤੋਂ ਜ਼ਿਆਦਾ ਜਹਾਜ਼ਾਂ ‘ਤੇ ਬੰਬ ਹਮਲੇ ਦੀਆਂ ਧਮਕੀਆਂ ਮਿਲੀਆਂ ਹਨ। ਇੰਡੀਗੋ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦੀਆਂ ਚਾਰ ਉਡਾਣਾਂ ਨੂੰ ਸੁਰੱਖਿਆ ਸੰਬੰਧੀ ਅਲਰਟ ਮਿਲੇ ਹਨ। ਇਨ੍ਹਾਂ ਵਿੱਚ ਮੰਗਲੁਰੂ ਤੋਂ ਮੁੰਬਈ ਆਉਣ ਵਾਲੀ 6E164 ਫਲਾਈਟ, ਅਹਿਮਦਾਬਾਦ ਤੋਂ ਜੇਦਾਹ ਜਾਣ ਵਾਲੀ 6E75 ਫਲਾਈਟ, ਹੈਦਰਾਬਾਦ ਤੋਂ ਜੇਦਾਹ ਆਉਣ ਵਾਲੀ 6E67 ਫਲਾਈਟ ਅਤੇ ਲਖਨਊ ਤੋਂ ਪੁਣੇ ਆਉਣ ਵਾਲੀ 6E118 ਫਲਾਈਟ ਸ਼ਾਮਲ ਹੈ। ਵਿਸਤਾਰਾ ਅਤੇ ਏਅਰ ਇੰਡੀਆ ਦੇ ਬੁਲਾਰੇ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਕੁਝ ਉਡਾਣਾਂ ਨੂੰ ਸੁਰੱਖਿਆ ਸੰਬੰਧੀ ਧਮਕੀ ਮਿਲੀ ਸੀ। ਅਸੀਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਸਾਰੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਗਈ।