Bollywood Actress ਅਮੀਸ਼ਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ
ਨਵੀ ਦਿੱਲੀ, 17 ਫਰਵਰੀ 2026 (ਵਿਸ਼ਵ ਵਾਰਤਾ): ਰਾਜਪਾਲ ਯਾਦਵ ਤੋਂ ਬਾਅਦ ਹੁਣ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਮੁਸ਼ਕਿਲਾਂ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, 2017 ਦੇ ਇੱਕ ਈਵੈਂਟ ਵਿਵਾਦ ਨਾਲ ਜੁੜੇ ਮਾਮਲੇ ਵਿੱਚ ਮੁਰਾਦਾਬਾਦ ਦੀ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਹਾਲਾਂਕਿ, ਇਨ੍ਹਾਂ ਖ਼ਬਰਾਂ ‘ਤੇ ਹੁਣ ਅਦਾਕਾਰਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਅਮੀਸ਼ਾ ਪਟੇਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਨੋਟ ਸਾਂਝਾ ਕੀਤਾ। ਉਨ੍ਹਾਂ ਨੇ ਲਿਖਿਆ, “ਮੀਡੀਆ ਵਿੱਚ ਕੁਝ ਕਾਰਵਾਈ ਨੂੰ ਲੈ ਕੇ ਖ਼ਬਰਾਂ ਚੱਲ ਰਹੀਆਂ ਹਨ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਬਹੁਤ ਪੁਰਾਣਾ ਮਾਮਲਾ ਹੈ, ਜਿਸ ਵਿੱਚ ਪਵਨ ਵਰਮਾ ਨੇ ਸਾਲਾਂ ਪਹਿਲਾਂ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ ਸਨ ਅਤੇ ਪੂਰੀ ਸਹਿਮਤੀ ਰਾਸ਼ੀ ਪ੍ਰਾਪਤ ਕਰ ਲਈ ਸੀ।”
ਉਨ੍ਹਾਂ ਨੇ ਅੱਗੇ ਕਿਹਾ, “ਇਸ ਦੇ ਬਾਵਜੂਦ ਉਨ੍ਹਾਂ ਨੇ ਝੂਠੇ ਇਲਜ਼ਾਮ ਲਗਾ ਕੇ ਫਿਰ ਤੋਂ ਮਾਮਲਾ ਸ਼ੁਰੂ ਕਰ ਦਿੱਤਾ ਹੈ। ਮੇਰੇ ਵਕੀਲ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨਗੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਮੈਂ ਇਨ੍ਹਾਂ ਗੱਲਾਂ ‘ਤੇ ਧਿਆਨ ਦੇਣ ਦੀ ਬਜਾਏ ਆਪਣੇ ਕੰਮ ‘ਤੇ ਫੋਕਸ ਕਰਨਾ ਚਾਹੁੰਦੀ ਹਾਂ ਅਤੇ ਅਜਿਹੇ ਲੋਕਾਂ ਨੂੰ ਨਜ਼ਰਅੰਦਾਜ਼ ਕਰਾਂਗੀ ਜੋ ਝੂਠ ਬੋਲ ਕੇ ਪਬਲੀਸਿਟੀ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਦੱਸ ਦਈਏ ਕਿ ਇਹ ਪੂਰਾ ਮਾਮਲਾ 2017 ਵਿੱਚ ਹੋਏ ਇੱਕ ਵਿਆਹ ਦੇ ਪ੍ਰੋਗਰਾਮ ਦੀ ਬੁਕਿੰਗ ਨਾਲ ਜੁੜੀ ਸ਼ਿਕਾਇਤ ਦਾ ਹੈ, ਜਿਸ ਦਾ ਮੁਰਾਦਾਬਾਦ ਦੀ ਇੱਕ ਅਦਾਲਤ ਨੇ ਨੋਟਿਸ ਲਿਆ ਹੈ। ਰਿਪੋਰਟਾਂ ਮੁਤਾਬਕ, ਈਵੈਂਟ ਆਰਗੇਨਾਈਜ਼ਰ ਪਵਨ ਵਰਮਾ ਨੇ ਇਲਜ਼ਾਮ ਲਗਾਇਆ ਹੈ ਕਿ ਅਮੀਸ਼ਾ ਨੂੰ 16 ਨਵੰਬਰ, 2017 ਨੂੰ ਇੱਕ ਵਿਆਹ ਵਿੱਚ ਪਰਫਾਰਮੈਂਸ ਦੇਣ ਲਈ ਕੰਟਰੈਕਟ (ਇਕਰਾਰਨਾਮੇ) ਅਨੁਸਾਰ 14.50 ਲੱਖ ਰੁਪਏ ਦੀ ਐਡਵਾਂਸ ਪੇਮੈਂਟ ਕੀਤੀ ਗਈ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਮੁਰਾਦਾਬਾਦ ਦੇ ਇੱਕ ਹੋਟਲ ਵਿੱਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਥਿਤ ਤੌਰ ‘ਤੇ ਪੂਰਾ ਹੋ ਚੁੱਕਾ ਸੀ। ਪਰ ਅਮੀਸ਼ਾ ਤੈਅ ਤਾਰੀਖ਼ ‘ਤੇ ਸ਼ਹਿਰ ਨਹੀਂ ਪਹੁੰਚੀ। ਰਿਪੋਰਟਾਂ ਮੁਤਾਬਕ, ਅਮੀਸ਼ਾ ਨੇ ਉਨ੍ਹਾਂ ਨੂੰ 10 ਲੱਖ ਰੁਪਏ ਨਕਦ ਮੋੜ ਦਿੱਤੇ ਸਨ, ਜਦੋਂ ਕਿ 4.50 ਲੱਖ ਰੁਪਏ ਦਾ ਇੱਕ ਚੈੱਕ ਬਾਊਂਸ ਹੋ ਗਿਆ, ਜਿਸ ਕਾਰਨ ਪ੍ਰਬੰਧਕ ਨੂੰ ਕਾਨੂੰਨੀ ਮਦਦ ਲੈਣੀ ਪਈ। ਹੁਣ ਇਸ ਮਾਮਲੇ ਦੀ ਸੁਣਵਾਈ 27 ਮਾਰਚ ਨੂੰ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























