Bollywood Actor ਸੈਫ ਅਲੀ ਖਾਨ ‘ਤੇ ਹਮਲੇ ਦੀ ਰਾਤ 2 ਵਜੇ ਘਰ ‘ਚ ਕੀ-ਕੀ ਹੋਇਆ?
- Caretaker ਨੇ ਕੀਤੇ ਵੱਡੇ ਖੁਲਾਸੇ
ਨਵੀ ਦਿੱਲੀ,17 ਜਨਵਰੀ: ਮੁੰਬਈ ‘ਚ ਬੁੱਧਵਾਰ ਦੇਰ ਰਾਤ ਅਦਾਕਾਰ (Bollywood Actor) ਸੈਫ ਅਲੀ ਖਾਨ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਘਰ ‘ਚ ਵੜ ਕੇ ਚਾਕੂ ਨਾਲ ਹਮਲਾ ਕੀਤਾ। ਇਹ ਘਟਨਾ ਮੁੰਬਈ ਦੇ ਖਾਰ ਸਥਿਤ ਗੁਰੂ ਸ਼ਰਨ ਅਪਾਰਟਮੈਂਟ ਦੀ 12ਵੀਂ ਮੰਜ਼ਿਲ ‘ਤੇ ਬੁੱਧਵਾਰ ਰਾਤ ਕਰੀਬ 2.30 ਵਜੇ ਵਾਪਰੀ। ਇਸ ਹਮਲੇ ‘ਚ ਅਦਾਕਾਰ ਨੂੰ ਗਰਦਨ, ਪਿੱਠ, ਹੱਥਾਂ ਅਤੇ ਸਿਰ ਸਮੇਤ ਛੇ ਥਾਵਾਂ ‘ਤੇ ਚਾਕੂ ਮਾਰੇ ਗਏ। ਜ਼ਖਮੀ ਸੈਫ ਨੂੰ ਰਾਤ ਨੂੰ ਹੀ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਇਕ ਤੋਂ ਬਾਅਦ ਇਕ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਮਾਮਲੇ ‘ਚ ਦਰਜ FIR ਤੋਂ ਨਵਾਂ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਪੁਲਿਸ ਮੁਤਾਬਕ ਜਿਸ ਬਿਲਡਿੰਗ ਵਿੱਚ ਸੈਫ਼ ਦਾ ਘਰ ਹੈ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ। ਮੀਡੀਆ ਰਿਪੋਰਟਸ ਅਨੁਸਾਰ ਸੈਫ਼ ਅਲੀ ਖ਼ਾਨ ਦੇ ਘਰ ਸਟਾਫ ਨਰਸ ਵਜੋਂ ਕੰਮ ਕਰਨ ਵਾਲੀ ਮਹਿਲਾ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ, “16 ਜਨਵਰੀ ਨੂੰ ਰਾਤ 2 ਵਜੇ ਦੇ ਕਰੀਬ ਉਨ੍ਹਾਂ ਨੇ ਬਾਥਰੂਮ ਕੋਲ ਇੱਕ ਸ਼ਖ਼ਸ ਦਾ ਪਰਛਾਵਾਂ ਦੇਖਿਆ, ਜਿਸ ਨੇ ਟੋਪੀ ਪਾਈ ਹੋਈ ਸੀ। ਉਨ੍ਹਾਂ ਕਿਹਾ ਕਿ ਘੁਸਪੈਠੀਏ ਨੇ ਰੌਲਾ ਨਾ ਪਾਉਣ ਲਈ ਕਿਹਾ। ਇਸ ਮੌਕੇ ਇਕ ਹੋਰ ਨੈਨੀ ਜੂਨੂੰ ਵੀ ਮੌਕੇ ਉੱਤੇ ਮੌਜੂਦ ਸੀ ਅਤੇ ਘੁਸਪੈਠੀਏ ਨੇ ਦੋਵਾਂ ਨੂੰ ਧਮਕਾਇਆ। ਘੁਸਪੈਠੀਏ ਕੋਲ ਇੱਕ ਹੱਥ ਵਿੱਚ ਲੱਕੜ ਦੀ ਕੋਈ ਚੀਜ਼ ਸੀ ਅਤੇ ਦੂਜੇ ਹੱਥ ਵੀ ਬਲੇਡਨੁਮਾ ਹਥਿਆਰ ਸੀ। ਇਸ ਦੌਰਾਨ ਹੱਥੋਂਪਾਈ ਦੌਰਾਨ ਹਮਲਾਵਰ ਨੇ ਖੱਬੇ ਹੱਥ ਉੱਤੇ ਸੱਟ ਮਾਰੀ ਅਤੇ 1 ਕਰੋੜ ਰੁਪਏ ਮੰਗੇ। ਚੀਕਾਂ ਸੁਣ ਕੇ ਜੂਨੂੰ ਸੈਫ਼ ਅਤੇ ਕਰੀਨਾ ਕਪੂਰ ਦੇ ਕਮਰੇ ਵੱਲ ਦੌੜੀ, ਸੈਫ਼ ਅਲੀ ਖ਼ਾਨ ਨੇ ਘੁਸਪੈਠੀਏ ਨੂੰ ਪੁੱਛਿਆ,”ਤੁਸੀਂ ਕੌਣ ਹੋ ਅਤੇ ਕੀ ਚਾਹੁੰਦੇ ਹੋ।” ਇਸ ਦੌਰਾਨ ਹਮਲਾਵਰ ਨੇ ਬਲੇਡ ਨਾਲ ਸੈਫ਼ ਉੱਤੇ ਹਮਲਾ ਕਰ ਦਿੱਤਾ। ਇੰਨੇ ਨੂੰ ਬਾਕੀ ਸਟਾਫ ਵੀ ਜਾਗ ਗਿਆ ਅਤੇ ਘੁਸਪੈਠੀਏ ਦੀ ਭਾਲ ਕਰਨ ਲੱਗਾ ਪਰ ਉਹ ਨਹੀਂ ਲੱਭਿਆ।
ਡਿਪਟੀ ਪੁਲਿਸ ਕਮਿਸ਼ਨਰ ਮੁਤਾਬਕ,”ਸਾਰੀ ਘਟਨਾ ਰਾਤ 1.30 ਤੋਂ 2.30 ਵਜੇ ਦੇ ਦਰਮਿਆਨ ਦੀ ਹੈ। 25-30 ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਹੈ।” ਘੱਟੋ-ਘੱਟ 20 ਪੁਲਿਸ ਟੀਮਾਂ ਘੁਸਪੈਠੀਏ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਲਈ ਜੁਟੀਆਂ ਹੋਈਆਂ ਹਨ, ਜਿਸ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ। ਦੱਸ ਦਈਏ ਕਿ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਸੈਫ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ। ਫਿਲਹਾਲ ਉਹ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/