Boat capsizes: ਸਰਯੂ ਨਦੀ ‘ਚ ਪਲਟੀ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ
ਉੱਤਰ ਪ੍ਰਦੇਸ਼, 5 ਨਵੰਬਰ 2025 (ਵਿਸ਼ਵ ਵਾਰਤਾ) – ਯੂ.ਪੀ ਵਿੱਚ ਕਾਰਤਿਕ ਪੂਰਨਿਮਾ ਦੇ ਮੌਕੇ ‘ਤੇ ਗੰਗਾ ਘਾਟ ‘ਤੇ ਇਸ਼ਨਾਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚ ਰਹੇ ਹਨ। ਇਸ ਵਿਚਾਲੇ ਹੀ ਇਕ ਵੱਡੀ ਘਟਨਾ ਵਾਪਰੀ। ਦੇਵਰੀਆ ਜ਼ਿਲ੍ਹੇ ਵਿੱਚ ਕਾਰਤਿਕ ਪੂਰਨਿਮਾ ਦੇ ਮੌਕੇ ‘ਤੇ ਸਰਯੂ ਨਦੀ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ। ਘਾਟ ‘ਤੇ ਹਫੜਾ-ਦਫੜੀ ਮੱਚ ਗਈ।
ਸ਼ਰਧਾਲੂਆਂ ਨੂੰ ਡੁੱਬਦਾ ਦੇਖ ਕੇ ਘਾਟ ‘ਤੇ ਮੌਜੂਦ ਗੋਤਾਖੋਰਾਂ ਅਤੇ ਕਿਸ਼ਤੀ ਚਾਲਕਾਂ ਨੇ ਨਦੀ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਕਿਸੇ ਤਰ੍ਹਾਂ ਰੱਸੀਆਂ ਦੀ ਮਦਦ ਨਾਲ ਔਰਤਾਂ ਅਤੇ ਡੁੱਬ ਰਹੇ ਸ਼ਰਧਾਲੂਆਂ ਨੂੰ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ। ਇਹ ਹਾਦਸਾ ਬਰਹਜ ਥਾਣਾ ਖੇਤਰ ਦੇ ਗੰਗਾ ਘਾਟ ‘ਤੇ ਵਾਪਰਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਸ ਥਾਂ ‘ਤੇ ਹਾਦਸਾ ਹੋਇਆ, ਉੱਥੇ ਨਦੀ ਦੀ ਡੂੰਘਾਈ 20 ਫੁੱਟ ਤੋਂ ਵੱਧ ਸੀ।
ਜਾਣਕਾਰੀ ਅਨੁਸਾਰ ਸ਼ਰਧਾਲੂ ਨਦੀ ਪਾਰ ਦੇ ਪਿੰਡਾਂ ਤੋਂ ਇਸ਼ਨਾਨ, ਦਾਨ ਅਤੇ ਪੂਜਾ ਲਈ ਬਰਹਜ ਥਾਣਾ ਘਾਟ ‘ਤੇ ਆ ਰਹੇ ਸਨ। ਸਰਯੂ ਨਦੀ ਚ ਪਾਣੀ ਦਾ ਵਹਾਅ ਤੇਜ਼ ਸੀ। ਕਿਸ਼ਤੀ ਵਿੱਚ ਬਹੁਤ ਜ਼ਿਆਦਾ ਲੋਕ ਸਵਾਰ ਸਨ। ਜਿਵੇਂ ਹੀ ਇਹ ਨਦੀ ਦੇ ਵਿਚਕਾਰ ਪਹੁੰਚੀ, ਇਹ ਡਗਮਗਾ ਕੇ ਪਲਟ ਗਈ। ਜਿਸ ਕਾਰਨ ਲੋਕਾਂ ਵਿੱਚ ਚੀਕ-ਚਿਹਾੜਾ ਪੈ ਗਿਆ। ਗਨੀਮਤ ਰਹੀ ਕਿ, ਸਾਰਿਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਪ੍ਰਸ਼ਾਸਨ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























