Big News: ਦੋ ਗਰੁੱਪਾਂ ਚ ਭਾਰੀ ਗੋਲੀਬਾਰੀ,10 ਜਣੇ ਨਾਮਜ਼ਦ ਅਤੇ 6 ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ
ਮਾਲੇਰਕੋਟਲਾ-15 ਮਈ (ਬਲਜੀਤ ਹੁਸੈਨਪੁਰੀ) ਸ਼ਹਿਰ ਅੰਦਰ ਦੋ ਗਰੁੱਪਾਂ ਦੀ ਆਪਸੀ ਰੰਜਿਸ਼ਬਾਜ਼ੀ ਦੇ ਚੱਲਦਿਆਂ ਲੰਘੀ ਦੇਰ ਰਾਤ 10 ਵਜੇ ਦੇ ਕਰੀਬ ਸਥਾਨਕ ਸਰਹੰਦੀਗੇਟ ਨੇੜੇ ਸਥਿਤ ਮੁਹੱਲਾ ਬਾਗ ਬਸਤੀ ‘ਚ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਆਏ ਇੱਕ ਧੜੇ ਦੇ ਦਰਜਣ ਤੋਂ ਵੱਧ ਵਿਅਕਤੀਆਂ ਵੱਲੋਂ ਆਪਣੇ ਵਿਰੋਧੀ ਮੁਹੰਮਦ ਸਹਿਬਾਜ਼ ਪੁੱਤਰ ਮੁਹੰਮਦ ਦੀਨ ਦੇ ਘਰ ਬਾਹਰ ਚਲਾਈਆਂ ਗਈਆਂ ਗੋਲੀਆਂ ਕਾਰਨ ਮੁਹੱਲੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਗੋਲੀਆਂ ਦੀ ਆਵਾਜ਼ ਸੁਣਕੇ ਜਦੋਂ ਤੱਕ ਲੋਕ ਘਰਾਂ ਤੋਂ ਬਾਹਰ ਨਿੱਕਲੇ ਉਦੋਂ ਤੱਕ ਕਥਿਤ ਹਮਲਾਵਰ ਫਰਾਰ ਹੋ ਚੁੱਕੇ ਸਨ।ਸੂਚਨਾਂ ਮਿਲਦਿਆਂ ਹੀ ਥਾਣਾ ਸਿਟੀ-1 ਦੇ ਐੱਸ.ਐੱਚ.ਓ. ਬਲਜੀਤ ਸਿੰਘ ਅਤੇ ਥਾਣਾ ਸਿਟੀ-2 ਦੇ ਐੱਸ.ਐੱਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ ‘ਤੇ ਪੁੱਜ ਗਏ।ਦੇਰ ਰਾਤ ਤੱਕ ਪੁਲਸ ਮੁਹੱਲੇ ‘ਚ ਮਾਮਲੇ ਦੀ ਜਾਂਚ ਕਰਦੀ ਰਹੀ।ਮੁਹੱਲਾ ਬਾਗ ਬਸਤੀ ਨੇੜੇ ਸਰਹੰਦੀਗੇਟ ਦੇ ਵਸਨੀਕ ਮੁਹੰਮਦ ਸਹਿਬਾਜ਼ ਪੁੱਤਰ ਮੁਹੰਮਦ ਦੀਨ ਦੇ ਬਿਆਨਾਂ ‘ਤੇ ਥਾਣਾ ਸਿਟੀ-1 ਦੀ ਪੁਲਸ ਨੇ 10 ਨਾਮਜ਼ਦ ਵਿਅਕਤੀਆਂ ਅਤੇ 6 ਅਣਪਛਾਤਿਆਂ ਸਮੇਤ 16 ਵਿਅਕਤੀਆਂ ਦੇ ਖਿਲਾਫ ਧਾਰਾ 125, 351(2), 25 ਆਰਮਜ਼ ਐਕਟ 1959 ਦੇ ਤਹਿਤ ਮਾਮਲਾ ਦਰਜ ਕਰਕੇ ਅਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਬਿਆਨਾਂ ‘ਚ ਮੁਹੰਮਦ ਸਹਿਬਾਜ਼ ਪੁੱਤਰ ਮੁਹੰਮਦ ਦੀਨ ਨੇ ਦੱਸਿਆ ਕਿ ਲੰਘੀ ਰਾਤ ਸਾਢੇ 9 ਵਜੇ ਦੇ ਕਰੀਬ ਜਦੋਂ ਉਹ ਆਪਣੇ ਘਰ ਬੈਠਾ ਸੀ ਤਾਂ ਸਾਡੇ ਮੁਹੱਲਾ ਬਾਗ ਬਸਤੀ ਦਾ ਹੀ ਵਸਨੀਕ ਨੌਜਵਾਨ ਮੁਹੰਮਦ ਕੈਫ ਪੁੱਤਰ ਸਹਿਬਾਜ਼ ਪਹਿਲਾਂ ਇੰਸਟਾਗ੍ਰਾਮ ‘ਤੇ ਫੋਨ ਕਾਲ ਕਰਕੇ ਮੈਨੂੰ ਗਾਲੀ ਗਲੋਚ ਕਰਨ ਲੱਗਾ ਫਿਰ ਸਾਢੇ 10 ਵਜੇ ਦੇ ਕਰੀਬ ਮੁਹੰਮਦ ਕੈਫ ਸਮੇਤ ਪੰਜ ਮੋਟਰਸਾਇਕਲਾਂ ‘ਤੇ ਸਵਾਰ ਕਰੀਬ 15-16 ਵਿਅਕਤੀਆਂ ਨੇ ਮੇਰੇ ਘਰ ਦੇ ਬਾਹਰ ਆ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ।ਮੈਂ ਉਸ ਸਮੇਂ ਆਪਣੇ ਘਰ ਦੀ ਛੱਤ ‘ਤੇ ਖੜ੍ਹਾ ਸੀ।ਉਨ੍ਹਾਂ ਦੇ ਤਿੱਖੇ ਹਮਲਾਵਰ ਤੇਬਰ ਦੇਖ ਕੇ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਆਪਣੇ ਘਰ ਦੇ ਅੰਦਰ ਬੜਕੇ ਆਪਣੀ ਜਾਨ ਬਚਾਈ।ਜਿਸ ਤੋਂ ਬਾਅਦ ਉਕਤ ਸਾਰੇ ਵਿਅਕਤੀ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਥੋਂ ਭੱਜ ਗਏ।ਮੁਹੰਮਦ ਸਹਿਬਾਜ਼ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਕਤਾਨ ਵਿਅਕਤੀਆਂ ਨਾਲ ਸਾਡੀ ਪਹਿਲਾਂ ਵੀ ਦੋ-ਤਿੰਨ ਵਾਰ ਲੜਾਈ ਹੋ ਚੁੱਕੀ ਹੈ।
ਜਿੰਨਾਂ ਦੇ ਖਿਲਾਫ ਥਾਣਾ ਸਿਟੀ-2 ਵਿਖੇ ਮੁਕੱਦਮਾ ਵੀ ਦਰਜ ਹੈ।ਇਸੇ ਕਰਕੇ ਉਕਤਾਨ ਹਮਲਾਵਰ ਵਿਅਕਤੀਆਂ ਨੇ ਮੇਰੇ ਨਾਲ ਰੰਜਿਸ਼ ਰੱਖਦੇ ਹੋਏ ਅੱਜ ਮੇਰੇ ‘ਤੇ ਇਹ ਹਮਲਾ ਕੀਤਾ ਹੈ
ਸ਼ਿਕਾਇਤਕਰਤਾ ਮੁਹੰਮਦ ਸਹਿਬਾਜ਼ ਦੇ ਬਿਆਨਾਂ ‘ਤੇ ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਸ ਨੇ 6 ਅਣਪਛਾਤਿਆਂ ਸਮੇਤ ਜਿਹੜੇ 10 ਨਾਮਜ਼ਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਉਨ੍ਹਾਂ ‘ਚ ਮੁਹੰਮਦ ਕੈਫ ਪੁੱਤਰ ਸਹਿਬਾਜ਼ ਵਾਸੀ ਬਾਗ ਬਸਤੀ ਨੇੜੇ ਸਰਹੰਦੀਗੇਟ, ਅਨਸ ਅਲੀ ਪੁੱਤਰ ਵੈਦਾਂ ਵਾਸੀ ਈਦਗਾਹ ਚੂੰਗੀ ਸਾਹਮਣੇ ਮਦਰਸਾ, ਸਾਹਿਲ ਪੁੱਤਰ ਵਾਧੇ ਵਾਲਾ ਵਾਸੀ ਮੁਹੱਲਾ ਚੋਰ ਮਾਰਾਂ ਨੇੜੇ ਸਰਕਾਰੀ ਸਕੂਲ ਮਾਲੇਰਕੋਟਲਾ, ਅਲੀ ਪੁੱਤਰ ਭੂੰਡੀ ਵਾਸੀ ਛੱਤੀ ਗਲੀ 786 ਚੌਂਕ, ਮੂਨ ਵਾਸੀ ਨੇੜੇ ਈਦਗਾਹ ਰੋਡ ਚੂੰਗੀ ਮਾਲੇਰਕੋਟਲਾ, ਆਜ਼ਮ ਜੰਗਲੀ ਪੁੱਤਰ ਮੀਦਾ ਵਾਸੀ ਜੀਰੂ ਰਹਿਮਾਨੀ ਹੋਟਲ ਵਾਲੀ ਗਲੀ ਮਾਲੇਰਕੋਟਲਾ, ਸ਼ਾਨ ਵਾਸੀ ਨੇੜੇ ਜਰਗ ਚੌਂਕ, ਤਾਬਿਸ਼ ਵਾਸੀ ਕੱਚਾ ਕੋਟ, ਬੋਵਨ (ਵੂਮਨ) ਵਾਸੀ ਜ਼ਾਹਿਦ ਦਾ ਡੇਰਾ ਨੇੜੇ ਲੋਹਾ ਬਜ਼ਾਰ ਮਾਲੇਰਕੋਟਲਾ ਅਤੇ ਰਾਸ਼ਿਦ ਪੁੱਤਰ ਡੈਕ ਵਾਸੀ ਨੇੜੇ ਮਾਮਾ ਜੀ ਦੀ ਮਸਜਿਦ ਭੁਮਸ਼ੀ ਮਾਲੇਰਕੋਟਲਾ ਸ਼ਾਮਲ ਹਨ।























