Big News: “ਵੱਡਾ ਬੇੜਾ” ਕਰੇਗਾ ਹੜ੍ਹ ਪੀੜਤਾਂ ਦੇ ਦੁੱਖਾਂ ਦਾ ਹੱਲ
ਪਸ਼ੂ, ਟਰੈਕਟਰ ਤੇ ਕੰਬਾਇਨਾਂ ਢਾਹੁਣ ਦੀ ਸਮਰੱਥਾ ਵਾਲਾ ਬੇੜਾ ਬਿਆਸ ਦਰਿਆ ਵਿੱਚ ਤਾਰਿਆ

ਸੁਲਤਾਨਪੁਰ ਲੋਧੀ, 04 ਸਤੰਬਰ (ਵਿਸ਼ਵ ਵਾਰਤਾ):- ਜ਼ਮੀਨ ਨਾਲ ਜੁੜੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਦੁੱਖਾਂ ਦਾ ਹੱਲ ਕਰਨ ਲਈ ਵੱਡਾ ਬੇੜਾ ਬਿਆਸ ਦਰਿਆ ਦੀਆਂ ਲਹਿਰਾਂ ਤੇ ਠੇਲ ਦਿੱਤਾ ਹੈ। ਅੱਜ ਸਵੇਰ ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਵਿੱਚ ਵੱਡਾ ਬੇੜਾ ਪਾਣੀ ਵਿੱਚ ਉਤਾਰ ਦਿੱਤਾ ਹੈ। ਜਿਸਦੀ ਸਮਰੱਥਾ ਏਨੀ ਹੈ ਕਿ ਇਸ ਵਿੱਚ ਕੰਬਾਇਨ, ਟਰੈਕਟਰ ਅਤੇ ਤਿੰਨ ਦਰਜ਼ਨ ਤੱਕ ਪਸ਼ੂਆਂ ਦੀ ਢੋਆ ਢੁਆਈ ਕੀਤੀ ਜਾ ਸਕਦੀ ਹੈ।
ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਈ ਦਿਨ ਪੀੜਤ ਲੋਕਾਂ ਨਾਲ ਸੰਵਾਦ ਰਚਾਉਣ ਤੋਂ ਬਾਅਦ ਸੰਤ ਸੀਚੇਵਾਲ ਨੇ ਵੱਡਾ ਬੇੜਾ ਬਣਾਉਣ ਦਾ ਫੈਸਲਾ ਕੀਤਾ ਸੀ ਤੇ ਇਸਨੂੰ ਅਮਲੀ ਰੂਪ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਤਕਨੀਕੀ ਖੋਜ ਕੇਂਦਰ ਦੇ ਮਿਸਤਰੀਆਂ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਲਾ ਕੇ ਇਸਨੂੰ ਤਿਆਰ ਕੀਤਾ। 34 ਫੁੱਟ ਲੰਬੇ ਤੇ 13 ਫੁੱਟ ਚੌੜੇ ਇਸ ਬੇੜੇ ਨੂੰ ਤਿਆਰ ਕਰਨ ਵਾਲੇ ਮਿਸਤਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਸਣੇ 6 ਮਿਸਤਰੀਆਂ ਨੇ ਇਸ ਬੇੜੇ ਨੂੰ ਮੁਕੰਮਲ ਕੀਤਾ ਹੈ। ਇਸਦਾ ਅਕਾਰ ਵਿਸ਼ਾਲ ਹੋਣ ਦੇ ਬਾਵਜੂਦ ਵੀ ਇਸ ਵਿੱਚ ਅਜਿਹਾ ਸਮਾਨ ਵਰਤਿਆ ਗਿਆ ਹੈ ਜਿਹੜਾ ਹਲਕਾ ਹੋਣ ਦੇ ਨਾਲ ਨਾਲ ਮਜ਼ਬੂਤ ਵੀ ਹੈ। ਇਸ ਬੇੜੇ ਨੂੰ ਚਲਾਉਣ ਲਈ ਪੈਟਰੋਲ ਵਾਲੇ ਛੋਟੇ ਇੰਜਣ ਨੂੰ ਵਰਤਿਆ ਜਾ ਸਕਦਾ ਹੈ।
ਮੰਡ ਇਲਾਕੇ ਦੇ ਬਿਾਅਸ ਦਰਿਆ ਦੇ ਪਾਣੀ ਵਿੱਚ ਬੇੜਾ ਉਤਾਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਮੌਕੇ ਤੇ ਹੀ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਜਿਹੜਾ ਭਾਰੀ ਸਮਾਨ ਸੁਰੱਖਿਅਤ ਥਾਵਾਂ ਤੇ ਲਿਆਉਣ ਚਾਹੁੰਦੇ ਹਨ। ਉਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਜੋ ਉਹਨਾਂ ਦੇ ਮਾਲ ਡੰਗਰ ਤੇ ਖੇਤੀ ਦੇ ਵੱਡੇ ਸੰਦਾਂ ਨੂੰ ਬਾਹਰ ਕੱਢਿਆ ਜਾ ਸਕੇ।
ਸਾਂਗਰਾ ਪਿੰਡ ਦੇ ਕਿਸਾਨ ਆਗੂ ਕੁੁਲਦੀਪ ਸਿੰਘ ਅਤੇ ਬਾਊਪੁਰ ਦੇ ਸਰਪੰਚ ਪਰਮਜੀਤ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਵੱਡੇ ਬੇੜੇ ਦੀ ਮੰਡ ਇਲਾਕੇ ਨੂੰ ਬਹੁਤ ਜ਼ਿਆਦਾ ਲੋੜ ਸੀ। ਇਸ ਇਲਾਕੇ ਵਿੱਚ ਪਹਿਲਾਂ ਵੀ 2 ਬੇੜੇ ਹਨ ਪਰ ਉਹ ਤਿੰਨਾਂ ਪਿੰਡਾਂ ਅਤੇ ਦਰਜਨਾਂ ਦੇ ਕਰੀਬ ਡੇਰਿਆਂ ਤੇ ਰਹਿੰਦੇ ਕਿਸਾਨਾਂ ਦੀ ਲੋੜ ਪੂਰੀ ਨਹੀ ਸੀ ਕਰ ਰਹੇ।
ਇਹਨਾਂ ਦੋਹਾਂ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਾਲ ਡੰਗਰ ਅਤੇ ਭਾਰੀ ਸਮਾਨ ਬਾਹਰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਅਗਾਹੂ ਜਾਣਕਾਰੀ ਦੇ ਦੇਣ ਤਾਂ ਜੋ ਉਹਨਾਂ ਦੇ ਸਮਾਨ ਦੀ ਢੋਆ ਢੁਆਈ ਹੋ ਸਕੇ।























