BCCI ਨੇ ਖੋਲ੍ਹਿਆ ਖ਼ਜ਼ਾਨਾ!
- T20 ਵਰਲਡ ਚੈਂਪੀਅਨ ਟੀਮ ਇੰਡੀਆ ਲਈ ਵੱਡੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
ਨਵੀ ਦਿੱਲੀ, 10 ਮਾਰਚ 2026 (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀ-20 ਵਿਸ਼ਵ ਕੱਪ 2026 ਵਿੱਚ ਇਤਿਹਾਸਕ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਲਈ ਵੱਡੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਬੋਰਡ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਭਾਰਤੀ ਟੀਮ ਨੂੰ 131 ਕਰੋੜ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ।
ਇਸ ਐਲਾਨ ਦੇ ਨਾਲ ਬੋਰਡ ਨੇ ਆਪਣਾ ਹੀ ਪੁਰਾਣਾ ਰਿਕਾਰਡ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਟੀ-20 ਵਰਲਡ ਕੱਪ 2024 ਦਾ ਖ਼ਿਤਾਬ ਜਿੱਤਿਆ ਸੀ, ਉਦੋਂ ਬੀ.ਸੀ.ਸੀ.ਆਈ. ਨੇ ਖਿਡਾਰੀਆਂ ਲਈ 125 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹੁਣ ਇੱਕ ਵਾਰ ਫਿਰ ਟੀਮ ਦੀ ਵੱਡੀ ਪ੍ਰਾਪਤੀ ਤੋਂ ਬਾਅਦ ਬੋਰਡ ਨੇ ਉਸ ਤੋਂ ਵੀ ਵੱਧ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਭਾਰਤ ਨੇ ਐਤਵਾਰ ਨੂੰ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਇਹ ਖ਼ਿਤਾਬ ਆਪਣੇ ਨਾਮ ਕੀਤਾ ਸੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ ਹਰਾਇਆ ਅਤੇ ਟਰਾਫੀ ਜਿੱਤ ਲਈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਆਪਣੀ ਜਿੱਤ ਦਾ ਸਫ਼ਰ ਜਾਰੀ ਰੱਖਿਆ ਅਤੇ ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਲਗਾਤਾਰ ਦੋ ਵਾਰ ਟਰਾਫੀ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ।






















