Bathinda ਪੈਟਰੋਲ ਬੰਬ ਹਮਲਾ ਮਾਮਲਾ: ਜਾਂਚ ਵਿੱਚ NIA ਦੀ ਐਂਟਰੀ !
– ਪੁਲਿਸ ਨੂੰ ਵੀ ਮਿਲੇ ਅਹਿਮ ਸੁਰਾਗ
ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਬਠਿੰਡਾ ਦੇ ਹੋਮਿਓਪੈਥਿਕ ਕਲੀਨਿਕ ਦੇ ਮਾਲਕ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਹੋਏ ਪੈਟਰੋਲ ਬੰਬ ਹਮਲੇ ਦੀ ਜਾਂਚ ਵਿੱਚ ਹੁਣ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਵੀ ਸ਼ਾਮਲ ਹੋ ਗਈ ਹੈ। ਸੂਤਰਾਂ ਅਨੁਸਾਰ ਬੁੱਧਵਾਰ ਰਾਤ NIA ਦੀ ਟੀਮ ਡਾ. ਤਰਸੇਮ ਗਰਗ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੀ ਪਤਨੀ ਤੋਂ ਕਰੀਬ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਟੀਮ ਨੇ ਹਮਲੇ ਨਾਲ ਜੁੜੇ ਕਈ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕੀਤੀ।
ਫਿਲਹਾਲ ਬਠਿੰਡਾ ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਅਤੇ ਭਾਲ ਵਿੱਚ ਜੁਟੀ ਹੋਈ ਹੈ। ਸੂਤਰਾਂ ਮੁਤਾਬਕ ਜਾਂਚ ਦੌਰਾਨ ਪੁਲਿਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਜਿਸ ਦੇ ਆਧਾਰ ‘ਤੇ ਜਲਦ ਹੀ ਹਮਲੇ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਰਅਸਲ ਸੋਮਵਾਰ ਦੇਰ ਰਾਤ ਨੂੰ, ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਕਲੀਨਿਕ ਦੇ ਗੇਟ ਦੇ ਅੰਦਰ ਖੜ੍ਹੀ ਇੱਕ ਐਕਟਿਵਾ ਨੂੰ ਅੱਗ ਲੱਗ ਗਈ ਸੀ। ਇਸ ਬਾਰੇ ਪੁਲਿਸ ਸੁਪਰਡੈਂਟ (ਐਸਪੀ) ਨਰਿੰਦਰ ਸਿੰਘ ਨੇ ਦੱਸਿਆ ਸੀ ਕਿ ਦੋ ਜਣਿਆ ਨੇ ਡਾਕਟਰ ਦੇ ਕਲੀਨਿਕ ਦੇ ਅੰਦਰ ਪੈਟਰੋਲ ਬੰਬ ਸੁੱਟਿਆ ਸੀ। ਜਿਨ੍ਹਾਂ ‘ਚੋਣ ਇੱਕ ਨੇ ਇਹ ਪੈਟਰੋਲ ਬੰਬ ਸੁੱਟਣ ਦੀ ਵੀਡੀਓ ਬਣਾਈ ਸੀ। ਪੁਲਿਸ ਟੀਮਾਂ ਪੂਰੀ ਤਰ੍ਹਾਂ ਜਾਂਚ ਵਿੱਚ ਰੁੱਝੀਆਂ ਹੋਈਆਂ ਹਨ, ਅਤੇ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























