ਬੰਗਲਾਦੇਸ਼ ਨੂੰ ਮਿਲਿਆ ਨਵਾਂ ਰਾਸ਼ਟਰਪਤੀ
ਬੰਗਲਾਦੇਸ਼, 20 ਅਗਸਤ 2026 (ਵਿਸ਼ਵ ਵਾਰਤਾ): ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਉਮੀਦਵਾਰ ਮਿਰਜ਼ਾ ਫ਼ਖਰੁਲ ਇਸਲਾਮ ਆਲਮਗੀਰ ਨੇ ਰਾਸ਼ਟਰਪਤੀ ਚੋਣ ਵਿੱਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 255 ਵੋਟਾਂ ਮਿਲੀਆਂ। ਦੂਜੇ ਪਾਸੇ, ਬੰਗਲਾਦੇਸ਼ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ ਗੱਠਜੋੜ ਦੇ ਉਮੀਦਵਾਰ ਕਰਨਲ (ਰਿਟਾਇਰਡ) ਓਲੀ ਅਹਿਮਦ ਨੂੰ 88 ਵੋਟਾਂ ਮਿਲੀਆਂ।
ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਨੂੰ ਜਨਤਾ ਸਿੱਧੇ ਤੌਰ ‘ਤੇ ਨਹੀਂ ਚੁਣਦੀ, ਸਗੋਂ ਸੰਸਦ ਦੇ ਮੈਂਬਰ (ਰਾਸ਼ਟਰਪਤੀ ਦੀ ਚੋਣ ਕਰਦੇ ਹਨ। ਸੰਸਦ ਵਿੱਚ ਬੀ.ਐੱਨ.ਪੀ. (BNP) ਕੋਲ ਦੋ-ਤਿਹਾਈ ਬਹੁਮਤ ਹੋਣ ਕਰਕੇ ਆਲਮਗੀਰ ਦੀ ਜਿੱਤ ਪਹਿਲਾਂ ਤੋਂ ਹੀ ਲਗਭਗ ਤੈਅ ਮੰਨੀ ਜਾ ਰਹੀ ਸੀ। ਉਨ੍ਹਾਂ ਦੇ ਸਾਹਮਣੇ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਦਲਾਂ ਦੇ ਗੱਠਜੋੜ ਦੇ ਸਮਰਥਨ ਵਾਲੇ ਐੱਲ.ਡੀ.ਪੀ. (LDP) ਉਮੀਦਵਾਰ ਕਰਨਲ (ਰਿਟਾਇਰਡ) ਓਲੀ ਅਹਿਮਦ ਸਨ।
ਰਾਸ਼ਟਰਪਤੀ ਚੋਣ ਲਈ ਵੀਰਵਾਰ ਨੂੰ ਸੰਸਦ ਭਵਨ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਈ। ਵੋਟਿੰਗ ਖ਼ਤਮ ਹੁੰਦਿਆਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ ਅਤੇ ਇਸ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਗਏ। ਰਾਸ਼ਟਰਪਤੀ ਚੋਣਾਂ ਦੇ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਅਧਿਕਾਰੀ ਏ.ਐੱਮ.ਐੱਮ. ਨਾਸਿਰ ਉੱਦੀਨ ਨੇ ਨਤੀਜੇ ਐਲਾਨੇ। ਏ.ਐੱਮ.ਐੱਮ. ਨਾਸਿਰ ਉੱਦੀਨ ਨੇ ਦੱਸਿਆ ਕਿ ਸਾਰੇ 349 ਸੰਸਦ ਮੈਂਬਰਾਂ ਨੇ ਤਿੰਨ ਪਾਰਦਰਸ਼ੀ ਵੋਟ ਪੇਟੀਆਂ ਵਿੱਚ ਆਪਣੀਆਂ ਵੋਟਾਂ ਪਾਈਆਂ।ਵੋਟਿੰਗ ਅਤੇ ਗਿਣਤੀ ਦੌਰਾਨ ਤਿੰਨ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨ ਦੇ ਸਕੱਤਰ ਮੌਜੂਦ ਸਨ।
ਬੀ.ਐੱਨ.ਪੀ. ਨੇ ਐਲਾਨ ਕੀਤਾ ਹੈ ਕਿ ਮਿਰਜ਼ਾ ਫ਼ਖਰੁਲ ਇਸਲਾਮ ਆਲਮਗੀਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ 21 ਅਗਸਤ ਦੀ ਸ਼ਾਮ ਨੂੰ ਬੰਗਭਵਨ ਵਿੱਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















