Bangladesh elections :ਬੰਗਲਾਦੇਸ਼ ਵਿੱਚ ਵੱਜਿਆ ਚੋਣ ਬਿਗੁਲ
- ਤਖ਼ਤਾਪਲਟ ਦੇ ਲੰਬੇ ਸਮੇਂ ਬਾਅਦ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ
ਨਵੀ ਦਿੱਲੀ, 11 ਦਸੰਬਰ 2025 (ਵਿਸ਼ਵ ਵਾਰਤਾ): ਬੰਗਲਾਦੇਸ਼ ਵਿੱਚ ਅਗਲੇ ਸਾਲ ਆਮ ਚੋਣਾਂ (Bangladesh elections) ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਏਐਮਐਮ ਨਸੀਰੂਦੀਨ ਨੇ ਅੱਜ ਇਹ ਐਲਾਨ ਕੀਤਾ ਹੈ। ਇਹ ਚੋਣਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਬਾਹਰ ਕਰਨ ਵਾਲੇ ਤਖ਼ਤਾ ਪਲਟ ਤੋਂ ਡੇਢ ਸਾਲ ਬਾਅਦ ਹੋ ਰਹੀਆਂ ਹਨ। ਬੰਗਲਾਦੇਸ਼ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ, 2024 ਨੂੰ ਸ਼ੇਖ ਹਸੀਨਾ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।
ਦੱਸ ਦਈਏ ਕਿ ਪਿਛਲੇ ਸਾਲ ਦੇ ਤਖ਼ਤਾਪਲਟ ਤੋਂ ਬਾਅਦ, ਹੁਣ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ, ਏਐਮਐਮ ਨਾਸਿਰ ਉਦੀਨ ਨੇ ਵੀਰਵਾਰ (11 ਦਸੰਬਰ) ਨੂੰ ਐਲਾਨ ਕੀਤਾ ਕਿ 13ਵੀਂ ਰਾਸ਼ਟਰੀ ਅਸੈਂਬਲੀ ਦੀ ਚੋਣ 12 ਫਰਵਰੀ, 2025 ਨੂੰ ਹੋਵੇਗੀ। ਇਸ ਨਾਲ ਬੰਗਲਾਦੇਸ਼ ਵਿੱਚ ਮੁਹੰਮਦ ਯੂਨਸ ਸਰਕਾਰ ਦੇ ਵਿਸਥਾਰ ਬਾਰੇ ਅਟਕਲਾਂ ਨੂੰ ਵੀ ਵਿਰਾਮ ਲੱਗ ਗਿਆ ਹੈ। ਮੁੱਖ ਚੋਣ ਕਮਿਸ਼ਨਰ ਨੇ ਐਲਾਨ ਕੀਤਾ ਕਿ ਵੋਟਿੰਗ 12 ਫਰਵਰੀ ਨੂੰ ਸਵੇਰੇ 7:30 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਵੇਗੀ। ਇਸ ਵਾਰ ਵੋਟਿੰਗ ਦਾ ਸਮਾਂ ਇੱਕ ਘੰਟਾ ਵਧਾ ਦਿੱਤਾ ਗਿਆ ਹੈ।
ਸਾਹਮਣੇ ਆਈ ਜਾਣਕਾਰੀ ਅਨੁਸਾਰ ਉਮੀਦਵਾਰ 29 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 30 ਦਸੰਬਰ ਤੋਂ 4 ਜਨਵਰੀ ਤੱਕ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 20 ਜਨਵਰੀ ਹੈ। ਚੋਣ ਕਮਿਸ਼ਨ 21 ਜਨਵਰੀ ਨੂੰ ਚੋਣ ਨਿਸ਼ਾਨ ਅਲਾਟ ਕਰੇਗਾ। ਵੋਟਿੰਗ 12 ਫਰਵਰੀ ਨੂੰ ਹੋਣੀ ਹੈ।
ਬੀਤੇ ਸਾਲ 5 ਅਗਸਤ, 2024 ਨੂੰ ਤਖ਼ਤਾਪਲਟ ਤੋਂ ਬਾਅਦ ਹਸੀਨਾ ਦੇਸ਼ ਛੱਡ ਕੇ ਭਾਰਤ ਆ ਗਈ ਸੀ। ਉਦੋਂ ਤੋਂ, ਮੁਹੰਮਦ ਯੂਨਸ ਦੀ ਅਗਵਾਈ ਹੇਠ ਇੱਕ ਅੰਤਰਿਮ ਸਰਕਾਰ ਸੱਤਾ ਵਿੱਚ ਹੈ। ਹਸੀਨਾ ਦੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ। ਬੰਗਲਾਦੇਸ਼ ਦੀ ਸਭ ਤੋਂ ਵੱਡੀ ਪਾਰਟੀ ਅਵਾਮੀ ਲੀਗ ਦੀ ਰਜਿਸਟ੍ਰੇਸ਼ਨ, ਚੋਣ ਕਮਿਸ਼ਨ ਨੇ ਮਈ 2025 ਵਿੱਚ ਮੁਅੱਤਲ ਕਰ ਦਿੱਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























