ਯੂਪੀ ‘ਚ ਨਹੀਂ ਰੁਕ ਰਹੇ ਆਦਮ ਖੋਰ ਭੇੜੀਆਂ ਦੇ ਹਮਲੇ, ਸੁੱਤੀ ਪਈ ਬੱਚੀ ਨੂੰ ਬਣਾਇਆ ਸ਼ਿਕਾਰ
ਬਹਿਰਾਈਚ 11 ਸਤੰਬਰ (ਵਿਸ਼ਵ ਵਾਰਤਾ ): ਉੱਤਰ ਪ੍ਰਦੇਸ਼ ਦੇ ਬਹਿਰਾਈ ਚ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭੇੜੀਆਂ ਵੱਲੋਂ ਲਗਾਤਾਰ ਮਨੁੱਖਾਂ ਤੇ ਹਮਲੇ ਕੀਤੇ ਜਾ ਰਹੇ ਹਨ। ਲਗਾਤਾਰ ਆਦਮਖੋਰ ਭੇੜੀਏ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਮੰਗਲਵਾਰ ਰਾਤ ਨੂੰ ਵੀ ਇੱਕ ਸੁੱਤੀ ਪਈ ਬੱਚੀ ਤੇ ਭੇੜੀਏ ਵੱਲੋਂ ਹਮਲਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭੇੜੀਆ ਬੱਚੀ ਤੇ ਹਮਲਾ ਕਰਕੇ ਉਸ ਨੂੰ ਖਿੱਚ ਕੇ ਨਾਲ ਲਿਜਾ ਰਿਹਾ ਸੀ ਕਿ ਘਰ ਵਾਲਿਆਂ ਨੇ ਰੌਲਾ ਪਾ ਦਿੱਤਾ ਅਤੇ ਬੱਚੀ ਨੂੰ ਭੇੜੀਏ ਤੋਂ ਛੁਡਾਇਆ। ਬੱਚੀ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਯੂਪੀ ਦੇ ਬਹਿਰਾਈਚ ਇਲਾਕੇ ਦੇ ਵਿੱਚ ਦੋ ਅਲੱਗ ਅਲੱਗ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਭੇੜੀਏ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਦਾ ਸ਼ਿਕਾਰ ਹੋਈ ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਸ ਨੂੰ ਬਹਿਰਾਇਚ ਦੇ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਖਹਿਰੀ ਘਾਟ ਥਾਣਾ ਖੇਤਰ ਦੇ ਪਿੰਡ ਭਵਾਨੀਪੁਰ ਦੀ ਹੈ। ਜਿੱਥੇ ਸ਼ਿਵਾਨੀ ਨਾਂ ਦੀ ਬੱਚੀ ਆਪਣੀ ਮਾਂ ਦੇ ਨਾਲ ਘਰ ਦੇ ਵਿੱਚ ਸੌ ਰਹੀ ਸੀ, ਤੇ ਅਚਾਨਕ ਭੇੜੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਬੱਚੀ ਦੀ ਆਵਾਜ਼ ਸੁਣ ਕੇ ਮਾਂ ਦੀ ਅੱਖ ਖੁੱਲ ਗਈ ਅਤੇ ਉਸ ਨੇ ਰੌਲਾ ਪਾ ਕੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਲਿਆ। ਇਸ ਤੋਂ ਬਾਅਦ ਲੋਕਾਂ ਨੇ ਬੱਚੀ ਨੂੰ ਭੇੜੀਏ ਦੇ ਚੁੰਗਲ ਚੋਂ ਛੁੜਾਇਆ। ਜ਼ਿਕਰਯੋਗ ਹੈ ਕਿ ਭੇੜੀਆਂ ਵੱਲੋਂ ਲਗਾਤਾਰ ਕੀਤੇ ਹਮਲਿਆਂ ਦੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚ 8 ਬੱਚੇ ਸਨ। ਹੁਣ ਤੱਕ ਇਸ ਤਰ੍ਹਾਂ ਦੇ ਪੰਜ ਭੇੜੀਆਂ ਨੂੰ ਫੜਿਆ ਵੀ ਜਾ ਚੁੱਕਾ ਹੈ। ਉਧਰ ਵਣ ਵਿਭਾਗ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਲਦ ਹੀ ਆਦਮਖੋਰ ਭੇੜੀਏ ਨੂੰ ਕਾਬੂ ਕਰ ਲਿਆ ਜਾਵੇਗਾ।