ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ
– PCB ਨੇ ਸ਼ਾਨ ਮਸੂਦ ਨੂੰ ਹਟਾਇਆ; ਜਾਣੋ ਕਾਰਨ
ਨਵੀ ਦਿੱਲੀ, 5 ਜੁਲਾਈ 2026 (ਵਿਸ਼ਵ ਵਾਰਤਾ) : ਵੈਸਟਇੰਡੀਜ਼ ਅਤੇ ਇੰਗਲੈਂਡ ਦੇ ਅਗਾਮੀ ਦੌਰਿਆਂ ਲਈ ਸ਼ਾਨ ਮਸੂਦ ਨੂੰ ਪਾਕਿਸਤਾਨ ਦੀ ਟੈਸਟ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਬਾਬਰ ਆਜ਼ਮ ਨੂੰ ਕਪਤਾਨੀ ਸੌਂਪੀ ਗਈ ਹੈ। ਮਸੂਦ, ਜਿਨ੍ਹਾਂ ਨੂੰ ਲਗਭਗ ਤਿੰਨ ਸਾਲ ਪਹਿਲਾਂ ਟੈਸਟ ਕਪਤਾਨ ਬਣਾਇਆ ਗਿਆ ਸੀ, ਦਾ ਇਸ ਫਾਰਮੈਟ ਵਿੱਚ ਕਪਤਾਨ ਵਜੋਂ ਰਿਕਾਰਡ ਚੰਗਾ ਨਹੀਂ ਰਿਹਾ; ਉਨ੍ਹਾਂ ਨੇ ਜਿਨ੍ਹਾਂ 16 ਟੈਸਟ ਮੈਚਾਂ ਵਿੱਚ ਕਪਤਾਨੀ ਕੀਤੀ, ਉਨ੍ਹਾਂ ਵਿੱਚੋਂ 12 ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਿਸ ਤੋਂ ਬਾਅਦ ਬਾਬਰ ਆਜ਼ਮ ਨੂੰ ਇੱਕ ਵਾਰ ਫਿਰ ਪਾਕਿਸਤਾਨ ਟੈਸਟ ਟੀਮ ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਦੂਜੀ ਵਾਰ ਟੈਸਟ ਟੀਮ ਦੀ ਕਮਾਨ ਸੌਂਪੀ ਗਈ ਹੈ। ਜਦਕਿ, ਸ਼ਾਨ ਮਸੂਦ ਨੂੰ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਕਪਤਾਨੀ ਤੋਂ ਹਟਾ ਦਿੱਤਾ ਗਿਆ। ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਐਤਵਾਰ ਨੂੰ ਟੈਸਟ ਟੀਮ ਦਾ ਐਲਾਨ ਕੀਤਾ।
PCB ਦੇ ਹਾਈ-ਪਰਫਾਰਮੈਂਸ ਡਾਇਰੈਕਟਰ ਆਕਿਬ ਜਾਵੇਦ ਨੇ ਕਿਹਾ- ‘ਟੀਮ ਵਾਰ-ਵਾਰ ਜਿੱਤੇ ਹੋਏ ਮੈਚ ਗੁਆ ਰਹੀ ਹੈ। ਸ਼ਾਨ ਮਸੂਦ ਦੀ ਕਪਤਾਨੀ ਵਿੱਚ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ। ਪਾਕਿਸਤਾਨੀ ਟੀਮ ਇਸ ਮਹੀਨੇ ਦੇ ਅੰਤ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਪਹਿਲਾ ਮੈਚ 25 ਤਾਰੀਖ਼ ਤੋਂ ਤਾਰੌਬਾ ਵਿੱਚ ਅਤੇ ਦੂਜਾ ਮੈਚ 2 ਅਗਸਤ ਤੋਂ ਪੋਰਟ ਆਫ਼ ਸਪੇਨ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨੀ ਟੀਮ ਇੰਗਲੈਂਡ ਦੌਰੇ ‘ਤੇ ਜਾਵੇਗੀ।’
ਦੱਸ ਦਈਏ ਕਿ ਕਪਤਾਨੀ ਤੋਂ ਹਟਾਉਣ ਤੋਂ ਬਾਅਦ ਵੀ ਸ਼ਾਨ ਮਸੂਦ ਟੈਸਟ ਟੀਮ ਦਾ ਹਿੱਸਾ ਰਹਿਣਗੇ। ਆਕਿਬ ਜਾਵੇਦ ਨੇ ਕਿਹਾ, ‘ਸ਼ਾਨ ਦਾ ਨਿੱਜੀ ਪ੍ਰਦਰਸ਼ਨ ਚੰਗਾ ਰਿਹਾ, ਪਰ ਕਪਤਾਨ ਵਜੋਂ ਉਹ ਟੀਮ ਨੂੰ ਨਤੀਜੇ ਨਹੀਂ ਦਿਵਾ ਸਕੇ। ਕਪਤਾਨ ਦੀ ਜ਼ਿੰਮੇਵਾਰੀ ਸਿਰਫ਼ ਟਾਸ ਤੱਕ ਸੀਮਤ ਨਹੀਂ ਹੁੰਦੀ, ਸਗੋਂ ਮੈਚ ਨੂੰ ਖ਼ਤਮ ਕਰਨਾ, DRS ਲੈਣਾ ਅਤੇ ਟੀਮ ਨੂੰ ਸਹੀ ਦਿਸ਼ਾ ਦੇਣਾ ਵੀ ਉਸਦੀ ਜ਼ਿੰਮੇਵਾਰੀ ਹੈ।’
ਵੈਸਟਇੰਡੀਜ਼ ਅਤੇ ਇੰਗਲੈਂਡ ਲਈ ਟੀਮ
ਬਾਬਰ ਆਜ਼ਮ (ਕਪਤਾਨ), ਆਮਿਰ ਜਮਾਲ, ਅਬਦੁੱਲਾ ਫਜ਼ਲ, ਅਲੀ ਉਸਮਾਨ, ਅਜ਼ਾਨ ਅਵੈਸ, ਇਮਾਮ ਉਲ ਹੱਕ, ਖੁਰਰਮ ਸ਼ਹਿਜ਼ਾਦ, ਮੁਹੰਮਦ ਅੱਬਾਸ, ਮੁਹੰਮਦ ਅਲੀ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਮੁਹੰਮਦ ਅਵੈਸ ਜ਼ਫਰ, ਮੁਹੰਮਦ ਗਾਜ਼ੀ ਗੋਰੀ (ਵਿਕਟਕੀਪਰ), ਸਾਜਿਦ ਖਾਨ, ਸਲਮਾਨ ਅਲੀ ਆਗਾ, ਸ਼ਾਨ ਮਸੂਦ, ਉਬੈਦ ਸ਼ਾਹ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























