ਚੰਡੀਗੜ੍ਹ, 29 ਅਕਤੂਬਰ (ਵਿਸ਼ਵ ਵਾਰਤਾ) ਜਲੰਧਰ ਨੈਸ਼ਨਲ ਹਾਈਵੇ ’ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਜਲੰਧਰ ਨੈਸ਼ਨਲ ਹਾਈਵੇਅ ‘ਤੇ ਆਟੋ-ਰਿਕਸ਼ਾ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਿਆ। ਸੜਕੀ ਹਾਦਸੇ ਦੀ ਇਸ ਭਿਆਨਕ ਘਟਨਾ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਗੰਭੀਰ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ-ਰਿਕਸ਼ਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਮੌਕੇ ‘ਤੇ ਚੀਕ-ਚਿਹਾੜਾ ਮੱਚ ਗਿਆ। ਮਿਲੀ ਜਾਣਕਾਰੀ ਅਨੁਸਾਰ ਆਟੋ-ਰਿਕਸ਼ਾ ਵਿੱਚ ਸਵਾਰ ਸਾਰੇ ਲੋਕ ਮਜ਼ਦੂਰ ਸਨ, ਜੋ ਲੁਧਿਆਣਾ ਤੋਂ ਜਲੰਧਰ ਕੰਮ ‘ਤੇ ਆ ਰਹੇ ਸਨ। ਸੂਚਨਾ ਮਿਲਣ ‘ਤੇ ‘ਰੋਡ ਸੇਫਟੀ ਫੋਰਸ’ (SSF) ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸਾ ਵਾਪਰਦਿਆਂ ਹੀ ਆਸ-ਪਾਸ ਮੌਜੂਦ ਲੋਕਾਂ ਨੇ ‘ਰੋਡ ਸੇਫਟੀ ਫੋਰਸ’ (SSF) ਨੂੰ ਸੂਚਿਤ ਕੀਤਾ। SSF ਦੇ ਇੰਚਾਰਜ ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਨੇ ਸਥਾਨਕ ਵਸਨੀਕਾਂ ਦੀ ਮਦਦ ਨਾਲ ਆਟੋ-ਰਿਕਸ਼ਾ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਇਲਾਜ ਲਈ ਫਿਲੌਰ ਦੇ ਸਿਵਲ ਹਸਪਤਾਲ ਭੇਜ ਦਿੱਤਾ।























