Australia ‘ਚ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਸ਼ੋਅ ਦੌਰਾਨ ਹਮਲਾ
ਚੰਡੀਗੜ੍ਹ, 18ਨਵੰਬਰ(ਵਿਸ਼ਵ ਵਾਰਤਾ) ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਆਸਟ੍ਰੇਲੀਆ ‘ਚ ਇਕ ਸ਼ੋਅ ਦੌਰਾਨ ਹੋਏ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਸੰਧੂ ਦੇ ਸ਼ੋਅ ‘ਚ ਆਏ ਇੱਕ ਫੈਨ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇੱਕ ਵਿਅਕਤੀ ਨੇ ਸਟੇਜ ’ਤੇ ਚੜ੍ਹ ਕੇ ਸੰਧੂ ਦਾ ਗਲਾ ਫੜ ਲਿਆ।ਹਾਲਾਂਕਿ ਮੌਕੇ ‘ਤੇ ਮੌਜੂਦ ਸੰਧੂ ਦੇ ਸੁਰੱਖਿਆ ਗਾਰਡ ਅਤੇ ਪੁਲਿਸ ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਫੜ ਕੇ ਸਟੇਜ ਤੋਂ ਹੇਠਾਂ ਉਤਾਰਿਆ। ਬਾਅਦ ‘ਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਦੱਸ ਦੇਈਏ ਕਿ ਗੈਰੀ ਸੰਧੂ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ। ਬੀਤੇ ਐਤਵਾਰ ਗੈਰੀ ਸੰਧੂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਇਕ ਸ਼ੋਅ ਕਰ ਰਹੇ ਸਨ। ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਇੱਥੇ ਮੌਜੂਦ ਇੱਕ ਵਿਅਕਤੀ ਨੇ ਸੰਧੂ ਤੇ ਹਮਲਾ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿੱਚ, ਇੱਕ ਵਿਅਕਤੀ ਸੰਧੂ ਨੂੰ ਗਲੇ ਤੋਂ ਫੜਦਾ ਦਿਖਾਈ ਦੇ ਰਿਹਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਮੌਕੇ ‘ਤੇ ਮੌਜੂਦ ਸੀ ਅਤੇ ਸ਼ੱਕੀ ਨੂੰ ਜਲਦੀ ਹੀ ਕਾਬੂ ਕਰ ਲਿਆ। ਇਸ ਘਟਨਾ ਬਾਰੇ ਨਾ ਤਾਂ ਕਲਾਕਾਰ ਅਤੇ ਨਾ ਹੀ ਉਨ੍ਹਾਂ ਦੀ ਟੀਮ ਨੇ ਕੋਈ ਬਿਆਨ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਗੈਰੀ ਸੰਧੂ ਦੀ ਉਕਤ ਵਿਅਕਤੀ ਨਾਲ ਬਹਿਸ ਵੀ ਹੋਈ ਸੀ, ਤਕਰਾਰ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਉਕਤ ਵਿਅਕਤੀ ਸਟੇਜ ‘ਤੇ ਚੜ੍ਹ ਗਿਆ ਅਤੇ ਗੈਰੀ ਸੰਧੂ ‘ਤੇ ਹਮਲਾ ਕਰਕੇ ਉਸ ਦਾ ਗਲਾ ਘੁੱਟ ਲਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/