ਤਰਨਤਾਰਨ ‘ਚ ਵੱਡੀ ਵਾਰਦਾਤ: ਏ.ਐੱਸ.ਆਈ. ਦਾ ਗੋਲੀਆਂ ਮਾਰ ਕੇ ਕਤਲ; ਹਮਲਾਵਰ ਫਰਾਰ
ਅੰਮ੍ਰਿਤਸਰ, 11 ਅਕਤੂਬਰ 2026 (ਵਿਸ਼ਵ ਵਾਰਤਾ): ਤਰਨਤਾਰਨ ‘ਚ ਐਤਵਾਰ ਦੇਰ ਸ਼ਾਮ ਏ.ਐੱਸ.ਆਈ. (ASI) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖਬਰ ਹੈ । ਮ੍ਰਿਤਕ ਏ.ਐੱਸ.ਆਈ. ਇਕਬਾਲ ਸਿੰਘ (55) ਤਰਨਤਾਰਨ ਦੇ ਨੌਸ਼ਹਿਰਾ ਪੰਨੂਆਣ ਦੇ ਰਹਿਣ ਵਾਲੇ ਸਨ। ਉਹ ਫ਼ਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਡਿਊਟੀ ਖ਼ਤਮ ਕਰਕੇ ਬਾਈਕ ਰਾਹੀਂ ਆਪਣੇ ਘਰ ਪਰਤ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।ਏ.ਐੱਸ.ਆਈ. ਇਕਬਾਲ ਸਿੰਘ ਫ਼ਿਰੋਜ਼ਪੁਰ ਵਿੱਚ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਸ਼ਾਮ ਲਗਭਗ 7:30 ਵਜੇ ਮੋਟਰਸਾਈਕਲ ‘ਤੇ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਨੌਸ਼ਹਿਰਾ ਤੋਂ ਲੋਹਕਾ ਰੋਡ ਸਥਿਤ ਪਟਵਾਰਖਾਨੇ ਕੋਲ ਪਹੁੰਚੇ, ਤਾਂ ਮੋਟਰਸਾਈਕਲ ‘ਤੇ ਆਏ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਏ.ਐੱਸ.ਆਈ. ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਫਿਲਹਾਲ ਕਤਲ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਆਸ-ਪਾਸ ਦੇ ਇਲਾਕੇ ਅਤੇ ਰਸਤਿਆਂ ਦੀ ਸੀ.ਸੀ.ਟੀ.ਵੀ. (CCTV) ਫੁਟੇਜ ਖੰਗਾਲ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























