ਚੰਡੀਗੜ੍ਹ 16 ਜੂਨ (ਵਿਸ਼ਵ ਵਾਰਤਾ): ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜ਼ੀਰਕਪੁਰ ਦੇ ਇਤਿਹਾਸਿਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨਾਂ ਨੇ ਬਲਟਾਣਾ ਦੇ ਵਸਨੀਕ ਐਡਵੋਕੇਟ ਸਹਿਬਾਜ ਸੋਹੀ ਦੇ ਨਾਲ ਲਾਵਾਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਵਿਆਹ ਸਮਾਗਮ ਦੇ ਮੌਕੇ ਅਨਮੋਲ ਗਗਨ ਮਾਨ ਅਤੇ ਐਡਵੋਕੇਟ ਸਾਹਿਬਾਜ ਸੋਹੀ ਬੇਹੱਦ ਆਕਰਸ਼ਕ ਰੰਗ ਅਤੇ ਡਿਜ਼ਾਇਨ ਦੇ ਪਹਿਰਾਵੇ ਦੇ ਵਿੱਚ ਨਜ਼ਰ ਆਏ ਹਨ। ਅਨਮੋਲ ਗਗਨ ਮਾਨ ਨੇ ਪੀਚ ਰੰਗ ਦਾ ਲਹਿੰਗਾ ਅਤੇ ਹਰੇ ਰੰਗ ਦੀ ਚੁੰਨੀ ਜਦਕਿ ਸਹਿਬਾਜ ਸੋਹੀ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਜ਼ਿਕਰ ਯੋਗ ਹੈ ਕਿ ਅਨਮੋਲ ਗਗਨ ਮਾਨ ਮਾਨਸਾ ਦੇ ਜੰਮਪਲ ਨੇ ਅਤੇ ਉਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਅਤੇ ਮਾਡਲਿੰਗ ਤੋਂ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਸਿਆਸਤ ਦੇ ਵਿੱਚ ਚੰਗਾ ਮੁਕਾਮ ਹਾਸਿਲ ਕੀਤਾ। ਅਨਮੋਲ ਗਗਨ ਮਾਨ ਦੇ ਪਤੀ ਸਹਿਬਾਜ ਸੋਹੀ ਜ਼ੀਰਕਪੁਰ ਦੇ ਬਲਟਾਣਾ ਖੇਤਰ ਦੇ ਮਰਹੂਮ ਸਿਆਸੀ ਆਗੂ ਰਵਿੰਦਰ ਸਿੰਘ ਸੋਹੀ ਦੇ ਛੋਟੇ ਪੁੱਤਰ ਹਨ। ਲਾਵਾਂ ਤੋਂ ਬਾਅਦ ਵਿਆਹੁਤਾ ਜੋੜਾ ਜੀਰਕਪੁਰ ਦੇ ਰਿਜੋਰਟ ਏਕੇਐਮ ਦੇ ਵਿੱਚ ਪਹੁੰਚਿਆ ਜਿੱਥੇ ਵਿਆਹ ਦੀਆਂ ਹੋਰ ਰਸਮਾਂ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰਿਵਾਰ ਸਮੇਤ ਵਿਆਹ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਹਨ ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਆਪਣੇ ਪਰਿਵਾਰ ਨਾਲ ਇਸ ਸਮਾਗਮ ਵਿੱਚ ਪਹੁੰਚੇ ਹਨ। ਪੰਜਾਬ ਦੇ ਸਾਰੇ ਮੰਤਰੀ ਐਮਐਲਏ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆਏ ਹਨ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਵੀ ਨਵ ਵਿਆਹੁਤਾ ਜੋੜੇ ਨੂੰ ਆਸ਼ੀਰਵਾਦ ਦਿੱਤਾ ਗਿਆ ਹੈ। ਮਨਵੀਰ ਸਿੰਘ ਗਿੱਲ ਈਓ ਖਰੜ ,ਰਾਣਾ ਗੁਰਜੀਤ ਅਤੇ ਹੋਰ ਸਿਆਸੀ ਆਗੂ ਅਤੇ ਅਫਸਰ ਸਾਹਿਬਾਨ ਵਿਆਹ ਸਮਾਗਮ ਵਿੱਚ ਹੁਮ ਹੁਮਾ ਕੇ ਪਹੁੰਚੇ ਹਨ। ਵਿਆਹ ਦੇ ਵਿੱਚ ਹੁਣ ਤੱਕ ਜਿਹੜੇ ਸੈਲੀਬ੍ਰਿਟੀਜ਼ ਪਹੁੰਚੇ ਨੇ ਉਹਨਾਂ ਵਿੱਚੋਂ ਗੱਗੂ ਗਿੱਲ ਸਤਿੰਦਰ ਸੱਤੀ ਅਤੇ ਕਈ ਕਲਾਕਾਰਾਂ ਦੇ ਨਾਮ ਸ਼ਾਮਿਲ ਹਨ। ਇਸ ਦੇ ਨਾਲ ਹੀ ਰਜਿੰਦਰ ਕੌਰ ਭੱਠਲ ਵੀ ਹੁਣ ਤੱਕ ਵਿਆਹ ਸਮਾਗਮ ਦੇ ਵਿੱਚ ਨਜ਼ਰ ਆਏ ਹਨ। ਬਹੁਤ ਸਾਰੇ ਕੈਬਨਟ ਮੰਤਰੀ ਵੀ ਇਸ ਸਮਾਗਮ ਦੇ ਵਿੱਚ ਹੌਲੀ ਹੌਲੀ ਸ਼ਾਮਿਲ ਹੋਣਗੇ। ਰਿਜ਼ੋਰਟ ਦੇ ਵਿੱਚ ਮੰਤਰੀਆਂ ਅਤੇ ਵੀਵੀਆਈਪੀ ਮਹਿਮਾਨਾਂ ਦੇ ਲਈ ਖਾਸ ਐਂਟਰੀ ਰੱਖੀ ਗਈ ਹੈ। ਸੁਰੱਖਿਆ ਦੇ ਲਈ ਵੀ ਖਾਸ ਇੰਤਜ਼ਾਮ ਕੀਤੇ ਗਏ ਨੇ, ਸਿਕਿਉਰਿਟੀ ਵੱਡੇ ਪੱਧਰ ਤੇ ਤੈਨਾਤ ਕੀਤੀ ਗਈ ਹੈ। ਅਜਿਹੇ ਮਹਿਮਾਨ ਜਿਨਾਂ ਨੂੰ ਖਾਸ ਸੁਰੱਖਿਆ ਦੀ ਜਰੂਰਤ ਹੈ ਉਹਨਾਂ ਨੂੰ ਖਾਸ ਜਗ੍ਹਾ ਤੋਂ ਐਂਟਰੀ ਦਿੱਤੇ ਜਾਣ ਦੀ ਵਿਵਸਥਾ ਵੀ ਕੀਤੀ ਗਈ ਹੈ।