Anandpur Sahib : ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੰਭਾਲੀ ਸੇਵਾ
ਚੰਡੀਗੜ੍ਹ, 10ਮਾਰਚ(ਵਿਸ਼ਵ ਵਾਰਤਾ) Anandpur Sahib : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਅੱਜ ਸੋਮਵਾਰ ਨੂੰ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ।
ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਜਿਸ ਉਪਰੰਤ ਉਹ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਸੇਵਾ ਸੰਭਾਲ ਤੋ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਸ. ਪ੍ਰਤਾਪ ਸਿੰਘ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ। ਇਸ ਦੌਰਾਨ ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























