Amritsar : ਗੁਰਜੀਤ ਸਿੰਘ ਔਜਲਾ ਨੇ ਜੇ.ਪੀ ਨੱਡਾ ਨਾਲ ਕੀਤੀ ਮੁਲਾਕਾਤ
– ਕੇਂਦਰੀ ਸਿਹਤ ਮੰਤਰੀ ਅੱਗੇ ਰੱਖੀ ਇਹ ਮੰਗ
ਅੰਮ੍ਰਿਤਸਰ, 14 ਫਰਵਰੀ 2026 (ਵਿਸ਼ਵ ਵਾਰਤਾ) – ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ ਨੱਡਾ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਨੇ AIIMS ਦੇ ਦਰਜੇ ਦੀ ਸੰਸਥਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਾਪਿਤ ਕਰਨ ਦੀ ਮੰਗ ਉਨ੍ਹਾਂ ਸਾਹਮਣੇ ਰੱਖੀ। ਗੁਰਜੀਤ ਸਿੰਘ ਔਜਲਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਇਸ ਮੁਲਾਕਾਤ ਸੰਬੰਧੀ ਵੇਰਵੇ ਸਾਂਝੇ ਕੀਤੇ ਹਨ।

ਉਨ੍ਹਾਂ ਲਿਖਿਆ ਕਿ “ਬੀਤੇ ਦਿਨ ਮਾਨਯੋਗ ਕੇਂਦਰੀ ਸਿਹਤ ਮੰਤਰੀ ਜੇ.ਪੀ ਨੱਡਾ ਜੀ ਨੂੰ ਮਿਲ ਕੇ All India Institute of Medical Sciences (AIIMS) ਦੇ ਦਰਜੇ ਦੀ ਸੰਸਥਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਾਪਿਤ ਕਰਨ ਦੀ ਮੰਗ ਕੀਤੀ ਗਈ, ਸ਼੍ਰੀ ਅੰਮ੍ਰਿਤਸਰ ਸਾਹਿਬ, ਜੋ ਭਾਰਤ ਦਾ ਇੱਕ ਮਹੱਤਵਪੂਰਨ ਸਰਹੱਦੀ ਜ਼ਿਲ੍ਹਾ ਹੈ, ਨੂੰ ਤੁਰੰਤ ਇੱਕ AIIMS-ਸਤ੍ਹਾ ਦੇ ਸੁਪਰ-ਸਪੈਸ਼ਲਟੀ ਹਸਪਤਾਲ ਦੀ ਲੋੜ ਹੈ। ਸਰਹੱਦ ਦੇ ਨੇੜੇ ਹੋਣ ਕਾਰਨ ਇਸ ਖੇਤਰ ਨੂੰ ਐਮਰਜੈਂਸੀ ਹਾਲਾਤਾਂ, ਆਫ਼ਤ ਪ੍ਰਬੰਧਨ ਅਤੇ ਯੁੱਧ ਸਮੇਂ ਦੀਆਂ ਮੈਡੀਕਲ ਸਥਿਤੀਆਂ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਲਾਜ਼ਮੀ ਹੈ। ਇਹ ਪ੍ਰੋਜੈਕਟ ਅੰਮ੍ਰਿਤਸਰ ਅਤੇ ਨੇੜਲੇ ਰਾਜਾਂ ਦੇ ਮਰੀਜ਼ਾਂ ਲਈ ਵੀ ਸਿਹਤ ਸੇਵਾਵਾਂ ਦਾ ਇੱਕ ਮਹੱਤਵਪੂਰਨ ਕੇਂਦਰ ਹੋਵੇਗਾ। ਇੱਥੇ ਇਸ ਦਰਜੇ ਦੀ ਸੰਸਥਾ ਸਥਾਪਿਤ ਹੋਣ ਨਾਲ ਲੋਕਾਂ ਨੂੰ ਦੂਰ-ਦਰਾਜ਼ ਵਿੱਚ ਇਲਾਜ ਲਈ ਜਾਣ ਦੀ ਮਜ਼ਬੂਰੀ ਘੱਟੇਗੀ ਅਤੇ ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਹੀ ਉੱਚ-ਮਿਆਰੀ ਇਲਾਜ ਉਪਲਬਧ ਹੋਵੇਗਾ।”
ਉਨ੍ਹਾਂ ਅੱਗੇ ਲਿਖਿਆ ਕਿ “ਇਸ ਨਾਲ ਨਾ ਸਿਰਫ਼ ਆਧੁਨਿਕ ਮੈਡੀਕਲ ਸਹੂਲਤਾਂ ਦਾ ਵਿਸਤਾਰ ਹੋਵੇਗਾ, ਸਗੋਂ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਸਿਹਤ ਕਰਮਚਾਰੀਆਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਨਾਲ ਹੀ, ਮੈਡੀਕਲ ਸਿੱਖਿਆ, ਰਿਸਰਚ ਅਤੇ ਟ੍ਰੇਨਿੰਗ ਨੂੰ ਨਵੀਂ ਦਿਸ਼ਾ ਮਿਲੇਗੀ, ਜਿਸ ਨਾਲ ਪੂਰੇ ਖੇਤਰ ਦੀ ਸਿਹਤ ਸੰਰਚਨਾ ਮਜ਼ਬੂਤ ਹੋ ਕੇ ਲੋਕਾਂ ਨੂੰ ਲੰਬੇ ਸਮੇਂ ਲਈ ਲਾਭ ਪਹੁੰਚਾਏਗੀ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























