Amritsar DC ਸਾਕਸ਼ੀ ਸਾਹਨੀ ਵਲੋਂ ਵਿਰਾਸਤੀ ਗਲੀ ਦੀ ਸਾਂਭ ਸੰਭਾਲ ਵੱਲ ਤਵੱਜੋਂ ਦੇਣ ‘ਤੇ ਜ਼ੋਰ
ਅੰਮ੍ਰਿਤਸਰ 13 ਨਵੰਬਰ (ਵਿਸ਼ਵ ਵਾਰਤਾ): ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਵਿਕਾਸ ਕੰਮਾਂ ਬਾਰੇ ਮੀਟਿੰਗ ਕਰਦੇ ਵਿਰਾਸਤੀ ਗਲੀ ਜੋ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਰਸਤਾ ਹੈ, ਦੀ ਸਾਂਭ ਸੰਭਾਲ ਅਤੇ ਸਾਫ ਸਫਾਈ ਨੂੰ ਲੈ ਕੇ ਵਿਸਥਾਰਿਤ ਚਰਚਾ ਕੀਤੀ। ਉਨਾਂ ਗਲੀ ਦੀ ਸਾਂਭ ਸੰਭਾਲ ਲਈ ਚੱਲ ਰਹੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ ਤਾਂ ਜੋ ਯਾਤਰੂਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਰਸਤਾ ਜੋ ਕਿ ਘਿਓ ਮੰਡੀ ਚੌਂਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿਖੇ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿੱਚ ਬਣਨ ਵਾਲੇ ਸ਼ਾਨਦਾਰ ਗੇਟ ਦਾ ਨਕਸ਼ਾ ਅਤੇ ਬਜਟ ਦੀ ਰਿਪੋਰਟ ਕਾਰਪੋਰੇਸ਼ਨ ਅਧਿਕਾਰੀਆਂ ਤੋਂ ਮੰਗੀ ਤਾਂ ਜੋ ਇਸ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ।
ਕਾਰਪੋਰੇਸ਼ਨ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਉਕਤ ਗਲੀ ਵਿੱਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਰੰਗ ਰੋਗਨ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜੋ ਕਿ ਲਗਭਗ 50 ਫੀਸਦ ਤੋਂ ਵੱਧ ਮੁਕੰਮਲ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਆਮਦ ਨੂੰ ਸੁਖਾਲਾ ਕਰਨ ਲਈ ਦੋ ਗੋਲਫ ਕਾਰਟ ਵੀ ਉਹਨਾਂ ਵੱਲੋਂ ਲੈ ਕੇ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਗਲੀ ਦੀ ਦਿੱਖ ਨੂੰ ਸਵਾਰਨ ਲਈ 60 ਵੱਡੇ ਗਮਲੇ ਲਿਆ ਦਿੱਤੇ ਗਏ ਹਨ ਅਤੇ ਉਹਨਾਂ ਵਿੱਚ ਹੁਣ ਫੁੱਲ ਬੂਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਕਿ ਛੇਤੀ ਪੂਰਾ ਕਰ ਲਿਆ ਜਾਵੇਗਾ।
ਦੱਸਣ ਯੋਗ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿੱਚ ਇਸੇ ਸਥਾਨ ਉੱਤੇ ਵੱਡਾ ਗੇਟ ਸਿੱਖ ਰਾਜ ਵੇਲੇ ਹੁੰਦਾ ਸੀ ਪਰ ਪੰਜਾਬ ਉੱਤੇ ਅੰਗਰੇਜ਼ ਹਕੂਮਤ ਦੀ ਸਥਾਪਤੀ ਦੌਰਾਨ ਉਹਨਾਂ ਨੇ ਹੋਰ ਇਮਾਰਤਾਂ ਦੇ ਨਾਲ ਇਸ ਗੇਟ ਨੂੰ ਵੀ ਢਾਹ ਦਿੱਤਾ ਅਤੇ ਸ਼ਹਿਰ ਵਿੱਚ ਬ੍ਰਿਟਿਸ਼ ਇਮਾਰਤ ਕਲਾ ਦੇ ਅਨੁਸਾਰ ਇਮਾਰਤਾਂ ਬਣਾਈਆਂ ਜਾਣ ਲੱਗੀਆਂ।