America ਨੇ ਹੋਰਮੁਜ਼ ਦੀ ਨਾਕਾਬੰਦੀ ਦਾ ਕੀਤਾ ਐਲਾਨ
ਅਮਰੀਕਾ, 12 ਅਪ੍ਰੈਲ 2026 (ਵਿਸ਼ਵ ਵਾਰਤਾ) – ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਪਾਕਿਸਤਾਨ ਵਿੱਚ ਬੇਸਿੱਟਾ ਰਹੀ ਸ਼ਾਂਤੀ ਵਾਰਤਾ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਹੱਦ ਸਖ਼ਤ ਅਤੇ ਤਿੱਖਾ ਬਿਆਨ ਜਾਰੀ ਕੀਤਾ ਹੈ, ਜਿਸ ਨੇ ਵਿਸ਼ਵ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਟਰੂਥ ਸੋਸ਼ਲ ‘ਤੇ ਪੋਸਟ ਸਾਂਝੀ ਕਰ ਕੇ ਕਿਹਾ ਕਿ ਇਰਾਨ ਨਾਲ ਹੋਈ ਬੈਠਕ ਵਿੱਚ ਜ਼ਿਆਦਾਤਰ ਮੁੱਦਿਆਂ ‘ਤੇ ਸਹਿਮਤੀ ਬਣ ਗਈ ਸੀ, ਪਰ ਸਭ ਤੋਂ ਅਹਿਮ ਮੁੱਦੇ ‘ਪਰਮਾਣੂ ਪ੍ਰੋਗਰਾਮ’ ‘ਤੇ ਕੋਈ ਸਮਝੌਤਾ ਨਹੀਂ ਹੋ ਸਕਿਆ। ਟਰੰਪ ਦੇ ਅਨੁਸਾਰ, ਇਸ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਨੌਸੈਨਾ ਹੋਰਮੁਜ਼ ਜਲਡਮਰੂ ਵਿੱਚ ਆਉਣ-ਜਾਣ ਵਾਲੇ ਸਾਰੇ ਜਹਾਜ਼ਾਂ ਦੀ ਨਿਗਰਾਨੀ ਅਤੇ ਰੋਕਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੀ ਤਰ੍ਹਾਂ ਭਰੋਸੇਮੰਦ ਸਥਿਤੀ ਨਹੀਂ ਬਣਦੀ, ਉਦੋਂ ਤੱਕ ਇਹ ਕਦਮ ਜਾਰੀ ਰਹੇਗਾ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਜੋ ਵੀ ਜਹਾਜ਼ ਇਸ ਰਸਤੇ ਤੋਂ ਗੁਜ਼ਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਰੋਕਿਆ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ। ਖਾਸ ਤੌਰ ‘ਤੇ ਉਨ੍ਹਾਂ ਜਹਾਜ਼ਾਂ ‘ਤੇ ਨਜ਼ਰ ਰੱਖੀ ਜਾਵੇਗੀ, ਜਿਨ੍ਹਾਂ ਨੇ ਇਰਾਨ ਨੂੰ ਟੋਲ ਦਿੱਤਾ ਹੈ। ਟਰੰਪ ਨੇ ਕਿਹਾ ਕਿ ਜੋ ਜਹਾਜ਼ ਇਰਾਨ ਨੂੰ ਗੈਰ-ਕਾਨੂੰਨੀ ਟੋਲ ਦੇਣਗੇ, ਉਨ੍ਹਾਂ ਨੂੰ ਸੁਰੱਖਿਅਤ ਰਸਤਾ ਨਹੀਂ ਦਿੱਤਾ ਜਾਵੇਗਾ। ਇਸ ਨਾਲ ਇਰਾਨ ਦੀ ਆਰਥਿਕ ਤਾਕਤ ਨੂੰ ਘਟਾਇਆ ਜਾਵੇਗਾ। ਅਮਰੀਕਾ ਕਿਸੇ ਵੀ ਸਥਿਤੀ ਲਈ ਤਿਆਰ ਹੈ ਅਤੇ ਲੋੜ ਪੈਣ ‘ਤੇ ਜੰਗ ਖਤਮ ਕਰਨ ਲਈ ਕਾਰਵਾਈ ਕਰੇਗਾ।























