America Accident: ਟਰੱਕ ਦੀ ਇਕ ਤੋਂ ਬਾਅਦ ਇਕ ਕਈ ਵਾਹਨਾਂ ਨਾਲ ਟੱਕਰ, 3 ਦੀ ਮੌਤ
ਪੰਜਾਬੀ ਡਰਾਈਵਰ ਗ੍ਰਿਫ਼ਤਾਰ
ਅਮਰੀਕਾ, 23 ਅਕਤੂਬਰ 2025 (ਵਿਸ਼ਵ ਵਾਰਤਾ) – ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਕ ਟਰੱਕ ਨੇ ਇਕ ਤੋਂ ਬਾਅਦ ਇਕ ਕਈ ਵਾਹਨਾਂ ਨੂੰ ਟੱਕਰ ਮਾਰੀ, ਜਿਸ ਕਾਰਨ ਘੱਟੋ-ਘੱਟ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ ਕਈ ਵਾਹਨ ਨੁਕਸਾਨੇ ਗਏ। ਇਹ ਹਾਦਸਾ ਬੁੱਧਵਾਰ, 22 ਅਕਤੂਬਰ, 2025 ਨੂੰ ਵਾਪਰਿਆ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਪੰਜਾਬ ਵਿੱਚ ਕਿੱਥੋਂ ਦਾ ਰਹਿਣ ਵਾਲਾ ਹੈ।
ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਕੈਲੀਫੋਰਨੀਆ ਦੇ ਆਈ-10 ਫ੍ਰੀਵੇਅ ‘ਤੇ ਵਾਪਰਿਆ। ਜਸ਼ਨਪ੍ਰੀਤ ਸਿੰਘ ਦਾ ਟਰੱਕ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਸੜਕ ਦੇ ਵਿਚਕਾਰ ਖੜੀ ਇੱਕ ਛੋਟੀ ਕਾਰ ਨਾਲ ਟਕਰਾ ਗਿਆ। ਫਿਰ ਇਸ ਨੇ ਸਾਈਡ ‘ਤੇ ਖੜ੍ਹੇ ਕਈ ਵਾਹਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਲਗਭਗ ਦਸ ਵਾਹਨ ਨੁਕਸਾਨੇ ਗਏ।
ਅਮਰੀਕੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਇਸ ਸਮੇਂ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ਼ ਵਿਭਾਗ ਦੀ ਹਿਰਾਸਤ ਵਿੱਚ ਹੈ। ਪੁਲਿਸ ਵੱਲੋਂ ਸ਼ੁਰੂਆਤੀ ਜਾਂਚ ਵਿੱਚ ਸ਼ੱਕ ਜਤਾਇਆ ਗਿਆ ਹੈ ਕਿ ਟਰੱਕ ਡਰਾਈਵਰ ਨਸ਼ੇ ਦੀ ਹਾਲਤ ‘ਚ ਸੀ। ਫਿਲਹਾਲ ਮੁਲਜ਼ਮ ਤੋਂ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























