Akali-BJP: ਅਕਾਲੀ-ਭਾਜਪਾ ਗਠਜੋੜ ! ਕਦੇ ਹਾਂ – ਕਦੇ ਨਾਂਹ, ਨਹੁੰ ਮਾਸ ਦਾ ਰਿਸ਼ਤਾ ਕਹਿੰਦੇ ਰਹੇ ਨੇ ਵੱਡੇ ਬਾਦਲ
– ਪ੍ਰਧਾਨ ਮੰਤਰੀ ਮੋਦੀ ਦੀ ਚਿੱਠੀ ਨੇ ਮਚਾਈ ਹਲਚਲ
ਗੁਰਪੁਨੀਤ ਸਿੰਘ ਸਿੱਧੂ (Managing Editor)
ਚੰਡੀਗੜ੍ਹ, 27 ਜੁਲਾਈ 2025 (ਵਿਸ਼ਵ ਵਾਰਤਾ) – ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ (Akali-BJP) ਦੇ ਗੱਠਜੋੜ ਦੀਆਂ ਮੁੜ ਸ਼ੁਰੂ ਹੋਈਆਂ ਚਰਚਾਵਾਂ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਕੀ ਭਾਜਪਾ ਅਤੇ ਅਕਾਲੀ ਦਲ ਮੁੜ ਇਕੱਠੇ ਹੋਣਗੇ ? ਇਹ ਭੇਤ ਅਜੇ ਬਣਿਆ ਹੋਇਆ ਹੈ। ਚਰਚਾਵਾਂ ਹਨ ਕਿ ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੇ ਵਿਚਾਲੇ ਅੰਦਰ-ਖਾਤੇ (ਗੁਪਤ ਤੌਰ ‘ਤੇ) ਮੀਟਿੰਗਾਂ ਚੱਲ ਰਹੀਆਂ ਹਨ। ਪਰ ਇਨ੍ਹਾਂ ਚਰਚਾਵਾਂ ਦੀ ਕੋਈ ਵੀ ਲੀਡਰ ਅਧਿਕਾਰਿਤ ਤੌਰ ‘ਤੇ ਪੁਸ਼ਟੀ ਨਹੀਂ ਕਰ ਰਿਹਾ, ਪਰ ਹਾਂ ਇਸ ਦੌਰਾਨ ਬੀਜੇਪੀ ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਵਰਕਿੰਗ ਪ੍ਰਧਾਨ ਇੱਕਾ-ਦੁੱਕਾ ਬਿਆਨ ਦੇ ਚੁੱਕੇ ਹਨ, ਪਰ ਕੋਈ ਵੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ।
ਪਰ ਨਾਲ ਹੀ ਇਸ ਵਿਚਾਲੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਲੀਡਰਾਂ ਲਈ ਵੀ ਇੱਕ ਨਵਾਂ ਫੁਰਮਾਨ ਆ ਗਿਆ ਹੈ। ਬੀਜੇਪੀ ਦੇ ਸੀਨੀਅਰ ਲੀਡਰ ਨਰਿੰਦਰ ਰੈਨਾ ਨੇ ਪੰਜਾਬ ਦੇ ਲੀਡਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ – ਭਾਜਪਾ (Akali-BJP) ਦੇ ਗੱਠਜੋੜ ਜਾਂ ਮਜੀਠੀਆ ਮਾਮਲੇ ’ਤੇ ਕੋਈ ਵੀ ਬਿਆਨ ਨਾ ਦੇਣ। ਪਰ ਇਸ ਦੌਰਾਨ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਭੇਜੀ ਗਈ ਜਨਮਦਿਨ ਦੀ ਵਧਾਈ ਦੀ ਚਿੱਠੀ ਨੇ ਸਿਆਸੀ ਗਲਿਆਰੀਆਂ ‘ਚ ਇੱਕ ਵਾਰ ਫੇਰ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਨੂੰ ਮੁੜ ਖੰਬ ਲਾ ਦਿੱਤੇ ਹਨ।

ਇਹੀ ਕਾਰਨ ਹੈ ਕਿ ਇਹ ਸਥਿਤੀ ਬਹੁਤ ਗੁੰਝਲਦਾਰ ਬਣੀ ਹੋਈ ਹੈ ਕਿ ਇਕ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਗਠਜੋੜ (Akali-BJP) ਨੂੰ ਸਮੇਂ ਦੀ ਮੰਗ ਦੱਸ ਰਹੇ ਹਨ, ਤੇ ਦੂਜੇ ਪਾਸੇ ਵਰਕਿੰਗ ਪ੍ਰਧਾਨ ਇਹ ਕਹਿ ਰਹੇ ਹਨ ਕਿ ਗਠਜੋੜ ਦੀ ਲੋੜ ਨਹੀਂ ਹੈ ਪਾਰਟੀ ਸਾਰੀਆਂ ਸੀਟਾਂ ‘ਤੇ ਖੁਦ ਉਮੀਦਵਾਰ ਖੜੇ ਕਰੇਗੀ। ਪਰ ਦੂਜੇ ਪਾਸੇ ਕੇਂਦਰੀ ਲੀਡਰਸ਼ਿਪ ਨੇ ਇਸ ਮਾਮਲੇ ‘ਤੇ ਕੋਈ ਵੀ ਬਿਆਨ ਦੇਣ ਤੋਂ ਵੀ ਰੋਕ ਦਿੱਤਾ ਹੈ ਅਤੇ ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰਸਿਮਰਤ ਨੂੰ ਜਮਨਦਿਨ ਦੀ ਚਿੱਠੀ ਰਾਹੀਂ ਵਧਾਈ ਦਿੱਤੀ ਗਈ ਹੈ।
ਅਕਾਲੀ-ਭਾਜਪਾ ਦਾ ਪੁਰਾਣਾ ਰਿਸ਼ਤਾ
ਭਾਜਪਾ ਅਤੇ ਅਕਾਲੀ ਦਲ (Akali-BJP) ਦਾ ਰਿਸ਼ਤਾ ਨਵਾਂ ਨਹੀਂ ਹੈ। ਦੋਵਾਂ ਪਾਰਟੀਆਂ ਨੇ 1997 ਤੋਂ ਲੈ ਕੇ 2020 ਤੱਕ ਕਈ ਵਾਰ ਇਕੱਠੇ ਚੋਣਾਂ ਲੜੀਆਂ ਅਤੇ ਪੰਜਾਬ ਵਿੱਚ ਸਰਕਾਰਾਂ ਵੀ ਬਣਾਈਆਂ ਤੇ ਕਈ ਸਿਆਸੀ ਮੁੱਦਿਆਂ ’ਤੇ ਇੱਕਜੁੱਟ ਹੋਕੇ ਕੰਮ ਕੀਤਾ। ਦੋਵਾਂ ਪਾਰਟੀਆਂ ਵਿਚਾਲੇ ਇਸ ਗਠਜੋੜ ਨੂੰ ਰਾਜਨੀਤਕ ਹੀ ਨਹੀਂ, ਪਰ ਸਮਾਜਿਕ ਤੌਰ ’ਤੇ ਵੀ ਹਿੰਦੂ-ਸਿੱਖ ਏਕਤਾ ਦੀ ਨਿਸ਼ਾਨੀ ਵਜੋਂ ਵੇਖਿਆ ਜਾਂਦਾ ਸੀ। ਪਰ ਜਦੋਂ 2020 ਵਿੱਚ ਭਾਜਪਾ ਵੱਲੋਂ ਲਿਆਂਦੇ ਜਾ ਰਹੇ ਤਿੰਨ ਖੇਤੀ ਕਾਨੂੰਨਾਂ ਦਾ ਪੰਜਾਬ ਦੇ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਤਾਂ ਅਕਾਲੀ ਦਲ ਨੇ ਲੋਕ ਭਾਵਨਾਵਾਂ ਦੇ ਨੂੰ ਦੇਖਦੇ ਹੋਏ ਬੀਜੇਪੀ ਨਾਲੋਂ ਗਠਜੋੜ ਤੋੜ ਕੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ।
ਇਸ ਵਿਚਾਲੇ ਪੰਜ ਸਾਲਾਂ ਦੌਰਾਨ ਪੰਜਾਬ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ, ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ (Akali-BJP) ਵੱਲੋਂ ਆਪਣੇ-ਆਪਣੇ ਉਮੀਦਵਾਰ ਖੜੇ ਕਰਕੇ ਚੋਣਾਂ ਲੜੀਆਂ ਗਈਆਂ ਪਰ ਬਹੁਤੀ ਸਫਲਤਾ ਕਿਸੇ ਵੀ ਪਾਰਟੀ ਨੂੰ ਨਹੀਂ ਮਿਲੀ। ਜਿਸ ਤੋਂ ਬਾਅਦ ਕਿਹਾ ਜਾਣ ਲੱਗਿਆ ਕਿ ‘ਦੋਵੇਂ ਪਾਰਟੀਆਂ ਇੱਕ ਦੂਜੇ ਦੇ ਸਿਰ ‘ਤੇ ਹੀ ਜਿੱਤ ਹਾਸਲ ਕਰ ਰਹੀਆਂ ਸਨ ਪਰ ਹੁਣ ਇਨ੍ਹਾਂ ਦਾ ਅਪਾਣਾ ਕੋਈ ਵਜੂਦ ਨਹੀਂ ਰਿਹਾ। ਜਿਸ ਤੋਂ ਬਾਅਦ ਕਈ ਵਾਰ ਦੋਵਾਂ ਪਾਰਟੀਆਂ ਦੇ ਇੱਕਠੇ ਹੋਣ ਦੀ ਚਰਚਾ ਵੀ ਹੋਈ, ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੋਈ ਵੀ ਪਾਰਟੀ ਪਹਿਲ ਨਹੀਂ ਕਰ ਰਹੀ। ਨਾ ਹੀ ਕੋਈ ਲੀਡਰ ਅੱਗੇ ਕੇ ਇਸ ਮਾਮਲੇ ‘ਤੇ ਬਿਆਨ ਦੇ ਰਿਹਾ ਹੈ।
ਰੈਨਾ ਦੀ ਚੁੱਪ, ਮੋਦੀ ਦੀ ਚਿੱਠੀ
ਭਾਜਪਾ ਦੇ ਪੰਜਾਬ ਪ੍ਰਧਾਨ ਨਰਿੰਦਰ ਰੈਨਾ ਨੇ ਹਾਲ ਹੀ ’ਚ ਆਪਣੇ ਪੰਜਾਬ ਦੇ ਲੀਡਰਾਂ ਨੂੰ ਮਜੀਠੀਆ ਕੇਸ ਜਾਂ ਅਕਾਲੀ ਦਲ ਨਾਲ ਗਠਜੋੜ (Akali-BJP) ਸਬੰਧੀ ਕੋਈ ਵੀ ਬਿਆਨ ਨਾ ਦੇਣ ਬਾਰੇ ਕਿਹਾ। ਉਨ੍ਹਾਂ ਦੇ ਬਿਆਨ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦਿੱਲੀ ਤੋਂ ਹੁਕਮ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਚੁੱਪ ਰਿਹਾ ਜਾਵੇ। ਪਰ ਜਨਤਕ ਤੌਰ ’ਤੇ ਇਸ ਚੁੱਪੀ ਦੌਰਾਨ ਹੀ ਨਰਿੰਦਰ ਮੋਦੀ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਭੇਜੀ ਗਈ ਜਨਮਦਿਨ ਦੀ ਚਿੱਠੀ ਆ ਗਈ। ਇਹ ਸਿਰਫ਼ ਇੱਕ ਨਿੱਜੀ ਪਰਿਵਾਰਕ ਦੋਸਤਾਨਾ ਸੰਬੰਧ ਦੀ ਨਿਸ਼ਾਨੀ ਨਹੀਂ, ਬਲਕਿ ਸਿਆਸੀ ਸੰਕੇਤ ਵਜੋਂ ਵੀ ਦੇਖੀ ਜਾ ਰਹੀ ਹੈ ਕਿ ਭਾਜਪਾ ਵੱਲੋਂ ਅਕਾਲੀ ਦਲ ਨੂੰ ਮੁੜ ਆਪਣੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅੰਦਰੂਨੀ ਤਣਾਅ: ਦੋ ਪਾਰਟੀਆਂ, ਦੋ ਮਤ
ਸਿਰਫ ਭਾਜਪਾ ਹੀ ਨਹੀਂ, ਆਕਾਲੀ ਦਲ (Akali-BJP) ਅੰਦਰ ਵੀ ਇਹ ਮਾਮਲਾ ਸੌਖਾ ਨਹੀਂ ਹੈ। ਕੁਝ ਆਕਾਲੀ ਨੇਤਾਵਾਂ ਦਾ ਮੰਨਣਾ ਹੈ ਕਿ ਭਾਜਪਾ ਨਾਲ ਗਠਜੋੜ ਦੁਬਾਰਾ ਸਿਆਸੀ ਮੌਕੇ ਖੋਲ੍ਹ ਸਕਦਾ ਹੈ, ਜਦਕਿ ਦੂਜੇ ਕੁੱਝ ਲੀਡਰ ਇਹ ਦਾਅਵਾ ਕਰਦੇ ਹਨ ਕਿ ਕਾਨੂੰਨਾਂ ਅਤੇ ਮਜੀਠੀਆ ਮਾਮਲੇ ਤੋਂ ਬਾਅਦ ਇਹ ਗਠਜੋੜ ਲੋਕਾਂ ਵਿੱਚ ਨਕਾਰਾਤਮਕ ਸੰਦੇਸ਼ ਦੇਵੇਗਾ।
ਉੱਥੇ ਭਾਜਪਾ ਵਿੱਚ ਵੀ ਇਸ ਗਠਜੋੜ (Akali-BJP) ਨੂੰ ਲੈ ਕੇ ਦੋ ਮਤ ਹਨ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਫਾਇਦੇਮੰਦ ਕਿਹਾ, ਪਰ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਲਾਨ ਕਰ ਦਿੱਤਾ ਕਿ 2027 ਦੀ ਚੋਣ ਭਾਜਪਾ ਇਕੱਲੀ ਲੜੇਗੀ।
ਮਜੀਠੀਆ ਕੇਸ: ਰਾਜਨੀਤਿਕ ਜਾਂ ਕਾਨੂੰਨੀ ?
ਅਕਾਲੀ ਦਲ ਦੀ ਅੰਦਰੂਨੀ ਚਿੰਤਾ ਮਜੀਠੀਆ ਮਾਮਲੇ ਨੂੰ ਲੈ ਕੇ ਵੀ ਹੈ। ਅਕਾਲੀ ਦਲ ਲਗਾਤਾਰ ਇਹ ਦਾਅਵਾ ਕਰ ਰਿਹਾ ਹੈ ਕਿ ਮਜੀਠੀਆ ਉੱਤੇ ਨਸ਼ਾ ਕੇਸ ਇੱਕ ਰਾਜਨੀਤਿਕ ਬਦਲਾਖੋਰੀ ਹੈ, ਜਿਸਦਾ ਮਕਸਦ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਹੈ।
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਦੀ ਅਪੀਲ ਨੂੰ ਖ਼ਾਰਜ ਕਰਦੇ ਹੋਏ ਮਜੀਠੀਆ ਦੀ ਜਮਾਨਤ ਬਰਕਰਾਰ ਰੱਖੀ। ਇਸ ਨਾਲ ਅਕਾਲੀ ਦਲ ਨੂੰ ਥੋੜ੍ਹੀ ਰਾਹਤ ਤਾਂ ਮਿਲੀ ਹੈ, ਪਰ ਭਾਜਪਾ ਨਾਲ ਦੁਬਾਰਾ ਗਠਜੋੜ ਮਜੀਠੀਆ ਮਾਮਲੇ ਨੂੰ ਲੈ ਕੇ ਨੈਗਟੀਵਿਟੀ ਵੀ ਵਧਾ ਸਕਦਾ ਹੈ।
ਕੀ ਹੋਵੇਗਾ ਅੱਗੇ ?
ਮੋਦੀ ਵੱਲੋਂ ਚਿੱਠੀ ਭੇਜਣ ਤੋਂ ਲੈ ਕੇ ਅਕਾਲੀ ਦਲ ਦੀ ਹਾਲੀਆ ਮਿੱਠੀ ਭਾਸ਼ਾ ਇਹ ਦਰਸਾਉਂਦੀ ਹੈ ਕਿ ਦੋਹਾਂ ਪਾਰਟੀਆਂ ਨੇ ਇੱਕ ਦੂਜੇ ਵੱਲ ਫਿਰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਪਰ ਇਹ ਹਾਲਾਤ ਅਜੇ ਅਜਿਹੇ ਨਹੀਂ ਕਿ ਕੋਈ ਅਧਿਕਾਰਕ ਐਲਾਨ ਕੀਤਾ ਜਾਵੇ। ਦੋਹਾਂ ਪਾਰਟੀਆਂ ਆਪਣਾ-ਆਪਣਾ ਵੋਟ ਬੈਂਕ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੋਈ ਵੀ ਪਾਰਟੀ ਪਹਿਲ ਕਰਕੇ ‘ਖੁਦ ਨੂੰ ਝੁਕਿਆ ਹੋਇਆ’ ਨਹੀਂ ਦਿਖਾਉਣਾ ਚਾਹੁੰਦੀ।
ਨਤੀਜਾ: ਰਾਹ ਖੁੱਲਾ ਹੈ…..
ਇਤਿਹਾਸਕ ਤੌਰ ’ਤੇ ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਬੇਸ਼ੱਕ ਲੰਮਾ ਰਿਹਾ ਹੈ। ਪਰ 2020 ਤੋਂ ਬਾਅਦ ਦੀ ਤਸਵੀਰ ਬਦਲੀ ਹੈ। ਕਿਸਾਨ ਅੰਦੋਲਨ, ਨਸ਼ਾ ਕੇਸ, ਡੇਰਾ ਸਿਰਸਾ ਮੁਆਫੀ ਮਾਮਲਾ ਅਤੇ ਰਾਜਨੀਤਿਕ ਅਹੰਕਾਰ—ਸਾਰੇ ਮਾਮਲੇ ਹਨ ਜੋ ਇਸ ਮੁੜ ਮਿਲਾਪ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ। ਪਰ ਹਾਲਾਂਕਿ ਅੰਦਰੋਂ-ਅੰਦਰੀ ਦਿਲ ‘ਚ ਤਲਬ ਜ਼ਰੂਰ ਉੱਠਦੀ ਹੈ। ਪਰ ਹਾਲਾਤ ਕਹਿੰਦੇ ਹਨ ਕਿ “ਹੁਣ ਨਹੀਂ”, ਪਰ ਕਿਸੇ ਸਹੀ ਸਮੇਂ ’ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਹੁਣ ਅਸੀਂ ਇਕੱਠੇ ਹਾਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























