ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ?
5,585 ਦਾਅਵੇਦਾਰਾਂ ਵਿੱਚੋਂ ਉਸ ਅਧਿਕਾਰੀ ਨੂੰ ਮਿਲੀ ਕਮਾਨ, ਜਿਸ ਕੋਲ ਜੰਗੀ ਰਣਨੀਤੀ ਦੇ ਨਾਲ ਵੱਡੇ ਅਦਾਰਿਆਂ ਨੂੰ ਚਲਾਉਣ ਦਾ ਤਜਰਬਾ
ਚੰਡੀਗੜ੍ਹ,2 ਸਤੰਬਰ (ਗੁਰਪੁਨੀਤ ਸਿੰਘ ਸਿੱਧੂ) ਲੜਾਕੂ ਜਹਾਜ਼ਾਂ ਦੇ Cockpit ਤੋਂ ਲੈ ਕੇ ਭਾਰਤੀ ਹਵਾਈ ਸੈਨਾ ਦੀ Western Air Command ਤੱਕ, ਜੀਤੇਂਦਰ ਮਿਸ਼ਰਾ ਨੇ ਆਪਣੀ ਜ਼ਿੰਦਗੀ ਦੇ ਕਰੀਬ ਚਾਰ ਦਹਾਕੇ ਦੇਸ਼ ਦੀ ਸੁਰੱਖਿਆ ਨੂੰ ਸਮਰਪਿਤ ਕੀਤੇ। ਹੁਣ ਉਹ ਇੱਕ ਬਿਲਕੁਲ ਵੱਖਰੀ, ਪਰ ਬੇਹੱਦ ਸੰਵੇਦਨਸ਼ੀਲ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ਉਨ੍ਹਾਂ ਨੂੰ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਪੂਰਨਕਾਲੀ CEO ਨਿਯੁਕਤ ਕੀਤਾ ਗਿਆ ਹੈ।
ਇਹ ਸਿਰਫ਼ ਇੱਕ ਨਵੀਂ ਨਿਯੁਕਤੀ ਨਹੀਂ, ਸਗੋਂ ਰਾਮ ਮੰਦਰ ਦੇ ਪ੍ਰਬੰਧਨ ਵਿੱਚ ਫੌਜੀ ਅਨੁਸ਼ਾਸਨ ਅਤੇ Professional Management ਲਿਆਉਣ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਹਜ਼ਾਰਾਂ ਉਮੀਦਵਾਰਾਂ ਵਿੱਚੋਂ ਮਿਸ਼ਰਾ ਹੀ ਕਿਉਂ?
CEO ਦੇ ਅਹੁਦੇ ਲਈ ਦੇਸ਼ ਭਰ ਤੋਂ 5,585 ਅਰਜ਼ੀਆਂ ਆਈਆਂ ਸਨ। ਕਈ ਪੜਾਵਾਂ ਦੀ ਜਾਂਚ ਮਗਰੋਂ 16 ਉਮੀਦਵਾਰਾਂ ਦੇ ਇੰਟਰਵਿਊ ਹੋਏ ਅਤੇ ਅੰਤ ਵਿੱਚ ਤਿੰਨ ਨਾਂ ਟਰੱਸਟ ਅੱਗੇ ਰੱਖੇ ਗਏ।
ਜੀਤੇਂਦਰ ਮਿਸ਼ਰਾ ਦੇ ਹੱਕ ਵਿੱਚ ਸਭ ਤੋਂ ਵੱਡੀ ਗੱਲ ਉਨ੍ਹਾਂ ਦਾ ਵੱਡੀਆਂ ਅਤੇ ਸੰਵੇਦਨਸ਼ੀਲ ਸੰਸਥਾਵਾਂ ਨੂੰ ਚਲਾਉਣ ਦਾ ਤਜਰਬਾ ਰਿਹਾ। ਰਾਮ ਮੰਦਰ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਸੁਰੱਖਿਆ, ਭੀੜ ਪ੍ਰਬੰਧਨ, ਵਿੱਤੀ ਪਾਰਦਰਸ਼ਤਾ ਅਤੇ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਲਈ ਅਜਿਹੇ ਵਿਅਕਤੀ ਦੀ ਲੋੜ ਸੀ, ਜੋ ਦਬਾਅ ਵਿੱਚ ਵੀ ਤੇਜ਼ ਅਤੇ ਸਹੀ ਫ਼ੈਸਲੇ ਲੈ ਸਕੇ।
3,000 ਘੰਟਿਆਂ ਤੋਂ ਵੱਧ ਅਸਮਾਨ ਵਿੱਚ
ਜੀਤੇਂਦਰ ਮਿਸ਼ਰਾ ਨੇ 6 ਦਸੰਬਰ 1986 ਨੂੰ Fighter Pilot ਵਜੋਂ ਭਾਰਤੀ ਹਵਾਈ ਸੈਨਾ ਵਿੱਚ ਕਦਮ ਰੱਖਿਆ ਸੀ। ਆਪਣੇ 38 ਸਾਲਾਂ ਦੇ ਕਰੀਅਰ ਦੌਰਾਨ ਉਨ੍ਹਾਂ ਨੇ 3,000 ਘੰਟਿਆਂ ਤੋਂ ਵੱਧ ਉਡਾਣ ਭਰੀ।
ਉਹ Fighter Combat Leader ਅਤੇ Experimental Test Pilot ਰਹੇ। ਉਨ੍ਹਾਂ ਨੇ Fighter Squadron, ਦੋ Frontline Air Bases ਅਤੇ Aircraft and Systems Testing Establishment ਵਰਗੀਆਂ ਅਹਿਮ ਇਕਾਈਆਂ ਦੀ ਅਗਵਾਈ ਵੀ ਕੀਤੀ।
ਕਾਰਗਿਲ ਅਤੇ Operation Sindoor ਨਾਲ ਜੁੜਿਆ ਨਾਂ
ਮੀਡੀਆ ਰਿਪੋਰਟਾਂ ਮੁਤਾਬਕ ਕਾਰਗਿਲ ਯੁੱਧ ਵੇਲੇ ਜੀਤੇਂਦਰ ਮਿਸ਼ਰਾ ਉਸ ਟੀਮ ਨਾਲ ਜੁੜੇ ਸਨ, ਜਿਸ ਨੇ Mirage-2000 ਜਹਾਜ਼ਾਂ ’ਤੇ Laser-Guided Bombs ਦੀ ਵਰਤੋਂ ਨੂੰ ਕਾਰਵਾਈ ਲਈ ਤਿਆਰ ਕਰਨ ਵਿੱਚ ਯੋਗਦਾਨ ਦਿੱਤਾ।
ਜਨਵਰੀ 2025 ਵਿੱਚ ਉਨ੍ਹਾਂ ਨੂੰ Western Air Command ਦੀ ਕਮਾਨ ਸੌਂਪੀ ਗਈ। Operation Sindoor ਦੌਰਾਨ ਪੱਛਮੀ ਸਰਹੱਦ ਨਾਲ ਜੁੜੀਆਂ ਹਵਾਈ ਕਾਰਵਾਈਆਂ ਵਿੱਚ ਵੀ ਇਸ ਕਮਾਨ ਦੀ ਅਹਿਮ ਭੂਮਿਕਾ ਰਹੀ।
ਉਨ੍ਹਾਂ ਦੀਆਂ ਸੇਵਾਵਾਂ ਲਈ ਸਰਵੋਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਹੁਣ ਸਾਹਮਣੇ ਨਵੀਂ ਪ੍ਰੀਖਿਆ
ਫੌਜੀ ਮੋਰਚੇ ’ਤੇ ਮਿਲੀ ਸਫਲਤਾ ਤੋਂ ਬਾਅਦ ਜੀਤੇਂਦਰ ਮਿਸ਼ਰਾ ਦੀ ਅਸਲ ਪ੍ਰਬੰਧਕੀ ਪ੍ਰੀਖਿਆ ਹੁਣ ਅਯੁੱਧਿਆ ਵਿੱਚ ਹੋਵੇਗੀ। CEO ਵਜੋਂ ਉਨ੍ਹਾਂ ਨੂੰ ਮੰਦਰ ਦੀ ਰੋਜ਼ਾਨਾ ਵਿਵਸਥਾ, ਸ਼ਰਧਾਲੂਆਂ ਦੀਆਂ ਸਹੂਲਤਾਂ, ਵਿੱਤੀ ਪ੍ਰਬੰਧਨ, ਸੁਰੱਖਿਆ ਅਤੇ ਵੱਡੇ ਧਾਰਮਿਕ ਸਮਾਗਮਾਂ ਦਾ ਤਾਲਮੇਲ ਸੰਭਾਲਣਾ ਹੋਵੇਗਾ।
ਰਾਮ ਮੰਦਰ ਟਰੱਸਟ ਨੇ ਇੱਕ ਰਵਾਇਤੀ ਪ੍ਰਸ਼ਾਸਕ ਦੀ ਥਾਂ ਜੰਗੀ ਰਣਨੀਤੀ ਅਤੇ ਸੰਸਥਾਗਤ ਅਗਵਾਈ ਦਾ ਤਜਰਬਾ ਰੱਖਣ ਵਾਲੇ ਅਧਿਕਾਰੀ ਨੂੰ ਚੁਣਿਆ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਜੀਤੇਂਦਰ ਮਿਸ਼ਰਾ ਫੌਜੀ ਅਨੁਸ਼ਾਸਨ ਨੂੰ ਮੰਦਰ ਦੇ ਪ੍ਰਬੰਧਨ ਵਿੱਚ ਕਿੰਨਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੇ ਹਨ।























