Abohar : ਕਪੜਾ ਵਪਾਰੀ ਸੰਜੇ ਵਰਮਾ ਦਾ ਹੋਇਆ ਅੰਤਿਮ ਸਸਕਾਰ; ਭੁੱਬਾਂ ਮਾਰ ਰੋਇਆ ਪਰਿਵਾਰ
ਭਾਜਪਾ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅੰਤਿਮ ਰਸਮਾਂ ‘ਚ ਹੋਏ ਸ਼ਾਮਿਲ
ਸੰਜੇ ਵਰਮਾ ਦੇ ਭਰਾ ਨੇ ਕੀਤੀ ਇਨਸਾਫ ਦੀ ਮੰਗ

ਅਬੋਹਰ, 8 ਜੁਲਾਈ (ਵਿਸ਼ਵ ਵਾਰਤਾ): ਅਬੋਹਰ ਵਿੱਚ ਨਿਊ ਵੇਅਰਵੈੱਲ ਸ਼ੋਅਰੂਮ ਦੇ ਸੰਚਾਲਕ ਸੰਜੇ ਵਰਮਾ ਦੀ ਸੋਮਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਇੰਦਰਾ ਨਗਰੀ ਦੇ ਸ਼ਿਵਪੁਰੀ ਵਿੱਚ ਕੀਤਾ ਗਿਆ। ਇਸ ਦੌਰਾਨ ‘ਆਪ’, ਭਾਜਪਾ, ਕਾਂਗਰਸ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਇੱਥੇ ਪਹੁੰਚੇ।

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਪ੍ਰਕਾਸ਼ ਸਿੰਘ ਭੱਟੀ ਅਤੇ ਮਹਿੰਦਰ ਰਿਣਵਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਅੰਤਿਮ ਸੰਸਕਾਰ ‘ਚ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ “ਬੀਤੇ ਦਿਨ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਬਣੇ ਅਬੋਹਰ ਦੇ ਕਪੜਾ ਵਪਾਰੀ ਸੰਜੇ ਵਰਮਾ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਧਾਹਾਂ ਮਾਰ ਰੋਂਦਾ ਪਰਿਵਾਰ ਝੱਲਿਆ ਨਹੀਂ ਜਾ ਰਿਹਾ ਸੀ। ਆਏ ਦਿਨ ਫਿਰੋਤੀਆਂ ਤੇ ਨਸ਼ੇ ਨੇ ਸਾਡੇ ਸਮਾਜ ਨੂੰ ਖਾ ਲਿਆ ਹੈ। ਵਾਹਿਗੁਰੂ ਪੰਜਾਬ ਉੱਤੇ ਮਿਹਰ ਕਰਨ”
ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਨੇ ਨਾ ਸਿਰਫ਼ ਵਪਾਰਕ ਭਾਈਚਾਰੇ ਲਈ ਸਗੋਂ ਹੋਰ ਭਾਈਚਾਰਿਆਂ ਲਈ ਵੀ ਖਤਰੇ ਦੀ ਘੰਟੀ ਵਜਾ ਦਿੱਤੀ ਹੈ।
ਸੰਜੇ ਵਰਮਾ ਦੇ ਅੰਤਿਮ ਸੰਸਕਾਰ ਦੌਰਾਨ, ਉਨ੍ਹਾਂ ਦੇ ਭਰਾ ਜਗਤ ਵਰਮਾ ਨੇ ਨਮ ਅੱਖਾਂ ਨਾਲ ਭਰਾ ਨੂੰ ਵਿਦਾਈ ਦਿੱਤੀ। ਉਨਾਂ ਮੋਦੀ ਸਰਕਾਰ ਤੋਂ ਜਵਾਬ ਮੰਗਿਆ ਕਿ ਉਹ ਗੈਂਗਸਟਰਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨਾ ਜ਼ਿਆਦਾ ਟੈਕਸ ਦੇਣ ਤੋਂ ਬਾਅਦ ਵੀ ਦੇਸ਼ ਵਿੱਚ ਕਾਰੋਬਾਰੀਆਂ ਲਈ ਕੋਈ ਸੁਰੱਖਿਆ ਨਹੀਂ ਹੈ। ਉਨ੍ਹਾਂ ਸਾਰੇ ਸਿਆਸਤਦਾਨਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।























