‘AAP’ ਨੇ ਕਿਸਾਨਾਂ ਅਤੇ ਪੰਜਾਬੀਆਂ ਵਿਰੁੱਧ ਭਾਜਪਾ ਦੇ ਸੰਸਦ ਮੈਂਬਰ ਦੇ ਅਪਮਾਨਜਨਕ ਬਿਆਨ ਦੀ ਕੀਤੀ ਨਿੰਦਾ
ਭਾਜਪਾ ਦੇ ਬੇਬੁਨਿਆਦ ਇਲਜ਼ਾਮ ਉਸ ਦੀ ਘਟੀਆ ਅਤੇ ਪੱਖਪਾਤੀ ਮਾਨਸਿਕਤਾ ਨੂੰ ਦਰਸਾਉਂਦੇ ਹੈ: ਨੀਲ ਗਰਗ
ਕਿਸਾਨਾਂ ਖਿਲਾਫ ਝੂਠ ਫੈਲਾਉਣ ਅਤੇ ਕੂੜ ਪ੍ਰਚਾਰ ਕਰਨ ਲਈ ਭਾਜਪਾ ਮੁਆਫੀ ਮੰਗੇ-‘ਆਪ’
ਆਪ ਆਗੂ ਨੇ ਪੰਜਾਬੀਆਂ ਦੇ ਨਾਲ-ਨਾਲ ਭਾਰਤੀਆਂ ਨੂੰ ਭਾਜਪਾ ਦੀ ਫੁੱਟ ਪਾਓ ਰਾਜਨੀਤੀ ਵਿਰੁੱਧ ਇਕਜੁੱਟ ਹੋਣ ਦੀ ਕੀਤੀ ਅਪੀਲ
ਚੰਡੀਗੜ੍ਹ, 13 ਦਸੰਬਰ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ (AAP) ਨੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਵੱਲੋਂ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਵਿਰੁੱਧ ਕੀਤੀ ਗਈ ਸ਼ਰਮਨਾਕ ਅਤੇ ਬੇਬੁਨਿਆਦ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਹੈ। ‘ਆਪ’ ਪੰਜਾਬ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 700 ਕੁੜੀਆਂ ਦੇ ਲਾਪਤਾ ਹੋਣ ਅਤੇ ਪੰਜਾਬੀਆਂ ‘ਤੇ ਨਸ਼ੇ ਫੈਲਾਉਣ ਦੇ ਦੋਸ਼ ਲਗਾਉਣ ਵਾਲੇ ਭਾਜਪਾ ਸੰਸਦ ਮੈਂਬਰ ਦਾ ਬਿਆਨ ਪੱਖਪਾਤੀ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ।
‘ਆਪ’ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਜਿਹੇ ਘਿਣਾਉਣੇ ਬਿਆਨ ਕੋਈ ਇਕੱਲੀ ਅਤੇ ਪਹਿਲੀ ਘਟਨਾ ਨਹੀਂ ਹੈ, ਸਗੋਂ ਭਾਜਪਾ ਆਗੂਆਂ ਵੱਲੋਂ ਪੰਜਾਬੀਆਂ ਅਤੇ ਕਿਸਾਨਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਭਾਵੇਂ ਭਾਜਪਾ ਬਾਅਦ ਵਿੱਚ ਇਹ ਕਹਿ ਕੇ “ਇਹ ਟਿੱਪਣੀਆਂ ਨਿੱਜੀ ਸਨ” ਖੁਦ ਨੂੰ ਅਲਗ ਕਰ ਲੈਂਦੀ ਹੈ, ਪਰੰਤੂ ਇਹ ਸਪੱਸ਼ਟ ਹੈ ਕਿ ਇਹ ਬਿਆਨ ਭਾਜਪਾ ਦੇ ਫੁੱਟ ਪਾਊ ਏਜੰਡੇ ਅਤੇ ਮਾਨਸਿਕਤਾ ਨਾਲ ਮੇਲ ਖਾਂਦੇ ਹਨ।
ਗਰਗ ਨੇ ਕਿਹਾ ਕਿ ਕਿਸਾਨ ਅੰਦੋਲਨ ਇਕ ਇਤਿਹਾਸਕ ਸੰਘਰਸ਼ ਹੈ, ਜਿਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਧਿਆਨ ਖਿੱਚਿਆ ਅਤੇ ਮੀਡੀਆ ਵਿਚ ਹਰ ਪੱਧਰ ‘ਤੇ ਵਿਆਪਕ ਕਵਰੇਜ ਵੀ ਮਿਲੀ। ਜੇਕਰ ਅਜਿਹੇ ਬੇਬੁਨਿਆਦ ਦੋਸ਼ ਸੱਚ ਹੁੰਦੇ ਤਾਂ ਉਹ ਰਿਪੋਰਟ ਹੁੰਦੇ। ਅਜਿਹੇ ਦਾਅਵਿਆਂ ਦੇ ਪਿੱਛੇ ਦੀ ਮਨਸ਼ਾ ‘ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਟਿੱਪਣੀਆਂ ਉਨ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਜਬੂਰ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਆਪਣੀ ਅਸਫਲਤਾ ਲਈ ਮੁਆਫੀ ਮੰਗਣ ਦੀ ਬਜਾਏ ਅਤੇ ਪ੍ਰਦਰਸ਼ਨਾਂ ਦੌਰਾਨ ਭਾਰੀ ਹੱਥਕੰਡੇ ਅਪਣਾਉਣ ਦੀ ਬਜਾਏ, ਭਾਜਪਾ ਨੇਤਾ ਝੂਠ ਅਤੇ ਪ੍ਰਚਾਰ ਦਾ ਸਹਾਰਾ ਲੈ ਰਹੇ ਹਨ। ਇਹ ਬਿਆਨ ਸਿਰਫ ਕਿਸਾਨਾਂ ਦਾ ਹੀ ਨਹੀਂ ਬਲਕਿ ਹਰ ਭਾਰਤੀ ਦਾ ਅਪਮਾਨ ਹੈ ਜੋ ਉਨ੍ਹਾਂ ਨਾਲ ਖੜੇ ਸਨ।
ਗਰਗ ਨੇ ਇਸ ਨਿੰਦਣਯੋਗ ਬਿਆਨ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ। ਗਰਗ ਨੇ ਕਿਹਾ ਕਿ ਅਸੀਂ ਭਾਜਪਾ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ ਕਿ ਭਵਿੱਖ ਵਿੱਚ ਕੋਈ ਵੀ ਆਗੂ ਪੰਜਾਬੀਆਂ ਜਾਂ ਕਿਸਾਨਾਂ ਵਿਰੁੱਧ ਅਜਿਹੀ ਬੇਬੁਨਿਆਦ ਅਤੇ ਫੁੱਟ ਪਾਊ ਟਿੱਪਣੀਆਂ ਨਾ ਕਰੇ। ਭਾਜਪਾ ਨੂੰ ਆਪਣੀ ਵੰਡਵਾਦੀ ਮਾਨਸਿਕਤਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਦੇਸ਼ ਦੇ ਤਾਣੇ-ਬਾਣੇ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਉਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰਨ ਅਤੇ ਵਿਰੋਧ ਕਰਨ। ਗਰਗ ਨੇ ਕਿਹਾ ਕਿ ਭਾਜਪਾ ਇਸ ਤੱਥ ਨੂੰ ਹਜ਼ਮ ਨਹੀਂ ਕਰ ਪਾ ਰਹੀ ਕਿ ਕਿਸਾਨ ਅੰਦੋਲਨ ਉਨ੍ਹਾਂ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰਨ ਵਿੱਚ ਸਫਲ ਰਿਹਾ। ਇਹ ਨਿਰਾਸ਼ਾ ਉਨ੍ਹਾਂ ਦੇ ਲਗਾਤਾਰ ਬੇਬੁਨਿਆਦ ਦੋਸ਼ਾਂ ਤੋਂ ਸਪੱਸ਼ਟ ਹੁੰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਹਰ ਕੋਈ ਅਜਿਹੀ ਫੁੱਟ ਪਾਊ ਰਾਜਨੀਤੀ ਵਿਰੁੱਧ ਇੱਕਜੁੱਟ ਹੋਵੇ।