AAP ਦੇ 7 ਬਾਗੀ ਸਾਂਸਦਾਂ ਦੀ ਭਾਜਪਾ ‘ਚ ਐਂਟਰੀ ਨੂੰ ਰਾਜ ਸਭਾ ਚੇਅਰਮੈਨ ਤੋਂ ਮਿਲੀ ਮਨਜ਼ੂਰੀ
– ਜਾਣੋ ਹੁਣ ਕਿੰਨੀ ਹੋਈ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ
ਨਵੀ ਦਿੱਲੀ, 27 ਅਪ੍ਰੈਲ 2026 (ਵਿਸ਼ਵ ਵਾਰਤਾ) – ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਆਮ ਆਦਮੀ ਪਾਰਟੀ ਦੇ ਸੱਤ ਬਾਗੀ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ । ਇਸ ਫੈਸਲੇ ਤੋਂ ਬਾਅਦ ਰਾਜ ਸਭਾ ਵਿੱਚ ‘ਆਪ’ ਦੀ ਗਿਣਤੀ ਘਟ ਕੇ 3 ਰਹਿ ਗਈ ਹੈ, ਜਦਕਿ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ 106 ਤੋਂ ਵੱਧ ਕੇ 113 ਹੋ ਗਈ ਹੈ।
ਜਿਹੜੇ ਸੱਤ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਵਿੱਚ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜੇਂਦਰ ਗੁਪਤਾ ਸ਼ਾਮਲ ਹਨ। ਰਾਜ ਸਭਾ ਦੀ ਸਰਕਾਰੀ ਵੈੱਬਸਾਈਟ ‘ਤੇ ਵੀ ਇਨ੍ਹਾਂ ਸੰਸਦ ਮੈਂਬਰਾਂ ਨੂੰ ਭਾਜਪਾ ਮੈਂਬਰਾਂ ਵਜੋਂ ਦਿਖਾਇਆ ਗਿਆ ਹੈ।
‘ਆਪ’ ਦੇ 10 ਰਾਜ ਸਭਾ ਮੈਂਬਰਾਂ ਵਿੱਚੋਂ ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਨੇ ਸ਼ੁੱਕਰਵਾਰ ਨੂੰ ਭਾਜਪਾ ਜੁਆਇਨ ਕਰ ਲਈ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਗਈ ਹੈ।
ਸ਼ੁੱਕਰਵਾਰ ਨੂੰ ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਨੇ ਪ੍ਰੈੱਸ ਕਾਨਫਰੰਸ ਕਰਕੇ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦਾ ਭਾਜਪਾ ਵਿੱਚ ਰਲੇਵਾਂ ਕਰਨ ਦਾ ਐਲਾਨ ਕੀਤਾ । ਰਾਘਵ ਚੱਢਾ ਨੇ ਕਿਹਾ ਸੀ ਕਿ ‘ਆਪ’ ਦੇ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰਾਂ ਦਾ ਭਾਜਪਾ ਵਿੱਚ ਰਲੇਵਾਂ ਹੋਣ ਜਾ ਰਿਹਾ ਹੈ । ਇਸ ਦੇ ਨਾਲ ਹੀ ਰਾਜ ਸਭਾ ਨੂੰ ਪੱਤਰ ਲਿਖ ਕੇ ਰਲੇਵੇਂ ਦੀ ਇਜਾਜ਼ਤ ਮੰਗੀ ਸੀ। ਅਜਿਹੇ ਵਿੱਚ ਸੋਮਵਾਰ ਨੂੰ ਰਾਜ ਸਭਾ ਸਕੱਤਰੇਤ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























