
ਅਧਿਕਾਰੀਆਂ ਨਾਲ ਗੱਲਬਾਤ ਲਈ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਬੈਠੇ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਅਤੇ ਹੋਰ ।
ਮਾਨਸਾ 19 ਸਤੰਬਰ (ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਵਾਲੀ ਦੇ ਜਿਹੜੇ ਬੁਜ਼ਰਗ ਕਿਸਾਨ ਨੇ ਬੀਤੇ ਕੱਲ੍ਹ ਬਾਦਲਾਂ ਦੇ ਘਰ ਮੁਹਰੇ ਸਲਫ਼ਾਸ ਖਾਧੀ ਸੀ,ਉਸ ਦੀ ਮੌਤ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੀਮ ਵਲੋਂ ਪੰਜਾਬ ਸਰਕਾਰ ਸਾਹਮਣੇ ਸੰਸਕਾਰ ਲਈ ਤਿੰਨ ਸ਼ਰਤਾਂ ਰੱਖੀਆਂ ਗਈਆਂ ਹਨ।
ਜਥੇਬੰਦੀ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਪ੍ਰੀਤਮ ਸਿੰਘ ( 65) ਪੁੱਤਰ ਬਚਨ ਸਿੰਘ ਦੇ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼, ਸਰਕਾਰੀ ਨਿਯਮਾਂ ਅਨੁਸਾਰ 3 ਲੱਖ ਰੁਪਏ ਦੀ ਐਕਸਗਰੇਸੀਆ ਗਰਾਂਟ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ ਗਈ ਹੈ।
ਕਿਸਾਨ ਆਗੂ ਨੇ ਕਿਹਾ ਕਿ ਇਸ ਮਾਮਲੇ ਲਈ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਬਠਿੰਡਾ ਅਤੇ ਮੁਕਤਸਰ ਦੇ ਡਿਪਟੀ ਕਮਿਸ਼ਨਰਾਂ ਨੇ ਮੀਟਿੰਗ ਵਾਸਤੇ ਜਥੇਬੰਦਕ ਆਗੂਆਂ ਨੂੰ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਬੁਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਨ੍ਹਾਂ ਮੰਗਾਂ ਤੋਂ ਬਿਨਾਂ ਕੋਈ ਹੋਰ ਸਮਝੋਤਾ ਨਹੀਂ ਕਰੇਗੀ ।






















