ਬਾਦਲਾਂ ਦਾ ਰਾਜਪੁਰੇ ਤੋਂ ਆਰ ਪਾਰ ਦੋਹਰਾ ਦੋਗਲਾ ਚਿਹਰਾ
ਚੰਡੀਗੜ੍ਹ 13 ਸਤੰਬਰ ( ਵਿਸ਼ਵ ਵਾਰਤਾ)- ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੌਮਾਂ.ਮੁਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ,ਅਕਾਲੀ ਨੇਤਾ ਕੁਲਦੀਪ ਸਿੰਘ ਮਜੀਠਾ,ਹਰਸ਼ਰਨ ਸਿੰਘ ਭਾਂਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਕਮਲਜੀਤ ਕੌਰ ਕੁਕੜਾਂ,ਕਸ਼ਮੀਰਾ ਸਿੰਘ ਸਾਬਕਾ ਸਰਪੰਚ ਦਦਿਆਲ , ਡਾ ਹਰਭਜਨ ਸਿੰਘ ਜੁਲਾ ਮਜਾਰਾ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਆਰ ਐਸ ਐਸ/ਭਾਜਪਾ ਸਰਕਾਰ ਜਦੋ ਤੋਂ ਕੇਂਦਰ ਵਿਚ ਸਥਾਪਤ ਹੋਈ ਹੈ ਭਾਰਤ ਦੇ ਕਿਸਾਨ,ਮਜਦੂਰ ਅਤੇ ਗਰੀਬ ਦੀ ਜੇਬ ਚੋਂ ਇਕ ਇਕ ਪੈਸਾ ਡੀਮੋਨੀਟਾਈਜੇਸ਼ਨ,ਜੀ ਐਸ ਟੀ ਅਤੇ ਕਾਰੋਨਾ ਮਹਾਮਾਰੀ ਦੇ ਨਾਮ ਤੇ ਕੱਢ ਕੇ ਭਾਰਤ ਦੇ ਵੱਡੇ ਉਦਯੋਗਪਤੀਆਂ ਤੇ ਕਾਰਪੋਰੇਟਰਸ ਨੂੰ ਵਿਉਪਾਰਕ ਘੁਟਾਲੇ ਕਰਨ ਲਈ ਦੇ ਦਿੱਤਾ ਹੈ। ਬੈੰਕ ਫਰਾਡ ਤੇ ਕਾਰਪੋਰੇਟਸ ਦੇ ਕਈ ਲੱਖ ਕਰੋੜ ਦੇ ਘਾਟੇ ਕੇੰਦਰ ਸਰਕਾਰ ਭਾਰਤ ਦੀ ਗਰੀਬ ਜਨਤਾ ਦੇ ਢਿੱਡ ਦਾ ਅੰਨ ਵਾਧੂ ਟੈਕਸਾਂ ਦੇ ਰੂਪ ਚ ਖੋਹ ਕੇ ਹਰ ਸਾਲ ਪੂਰਾ ਕਰ ਰਹੀ ਹੈ। ਹੁਣ ਰਹਿੰਦੀ ਕਸਰ ਮੌਜੂਦਾਂ ਕਿਸਾਨ ਮਾਰੂ ਆਰਡੀਨੈੰਸ ਜਾਰੀ ਕਰਕੇ ਕੇੰਦਰ ਦੀ ਭਾਜਪਾ ਸਰਕਾਰ ਨੇ ਪੂਰੀ ਕਰ ਦਿਤੀ ਹੈ ਤਾਂ ਕਿ ਭਾਰਤ ਵਿਚ ਵੱਡੇ ਕਾਰਪੋਰੇਟਸ ਤੋਂ ਇਲਾਵਾ ਬਾਕੀ ਸਭ ਉਹਨਾਂ ਦੇ ਬੰਦੂਆ ਮਜਦੂਰ ਬਣ ਕੇ ਰਹਿ ਜਾਣ।
ਫੈਡਰੇਸ਼ਨ/ਅਕਾਲੀ ਆਗੂਆਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਇਹਨਾਂ ਆਰਡੀਨੈੰਸਾਂ ਨੂੰ ਕੈਬਨਿਟ ਵਿਚ ਪਾਸ ਕਰਨ ਲਈ ਬੀਬੀ ਹਰਸਿਮਰਤ ਕੌਰ ਬਾਦਲ ਰਾਂਹੀ ਪੂਰੀ ਹਮਾਇਤ ਦਿੱਤੀ ਹੈ ਪਰ ਹੁਣ ਕਿਉਂ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ? ਅਕਾਲੀ ਦਲ ਬਾਦਲ ਆਰ ਐਸ ਐਸ/ਭਾਜਪਾ ਦਾ ਹਰ ਉਸ ਕੱਦਮ ਤੇ ਸਾਥ ਦੇੰਦਾ ਆ ਰਿਹਾ ਹੈ ਜੋ ਦਿਨੋ-ਦਿਨ ਭਾਰਤ ਦੀਆਂ ਘੱਟ ਗਿਣਤੀਆ ਅਤੇ ਗਰੀਬ ਲੋਕਾਂ ਦਾ ਗਲਾ ਘੁੱਟਨ ਵੱਲ ਵੱਧ ਰਹੇ ਹਨ ਫੇਰ ਚਾਹੇ UAPA ਹੋਵੇ, ਚਾਹੇ ਜੰਮੂ-ਕਸ਼ਮੀਰ ਰਾਜ ਦਾ ਖਾਤਮਾ ਹੋਵੇ, ਚਾਹੇ ਪੰਜਾਬ ਦੇ ਪਾਣੀਆ ਦੀ ਲੁੱਟ ਹੋਵੇ ਤੇ ਭਾਵੇੰ ਪੰਜਾਬੀ ਭਾਸ਼ਾ ਦਾ ਸਿਲਸਿਲੇਵਾਰ ਗਵਾਂਢੀ ਰਾਜਾਂ ਵਿੱਚ ਕੱਤਲ ਹੋਵੇ ਅਤੇ ਜਾਂ ਅੰਧਾਧੁੰਧ ਪੈਟਰੋਲ ਡੀਜਲ ਤੇ ਟੈਕਸ ਵਧਾ ਕੇ ਭਾਰਤੀ ਲੋਕਾਂ ਨੂੰ ਮਹਿਂਗਾਈ ਦੀਆਂ ਸੰਗਲਾਂ ਚ ਜਕੜਨ ਦੀ ਕਾਰਵਾਈ ਹੋਵੇ।
ਫੈਡਰੇਸ਼ਨ ਪ੍ਰਧਾਨ ਮਨਜੀਤ ਸਿੰਘ ਭੋਮਾਂ ਨੇ ਐਲਾਨ ਕੀਤਾ ਕਿ ਫੈਡਰੇਸ਼ਨ ਕੇਂਦਰ ਸਰਕਾਰ ਨੂੰ ਕਿਸਾਨਾ ਦੀ ਲੁੱਟ ਕਰਨ ਦੀ ਇਜਾਜਤ ਕਦੇ ਨਹੀ ਦੇਵੇਗੀ ਅਤੇ ਕਿਸਾਨਾ ਦੇ ਕੇੰਦਰੀ ਆਰਡੀਨੈੰਸਾ ਖਿਲਾਫ ਹਰ ਸੰਘਰਸ਼ ਵਿਚ ਵੱਧ ਚੜ੍ਕੇ ਸਹਿਯੋਗ ਕਰੇਗੀ। ਉਹਨਾਂ ਸਮੂੰਹ ਕਿਸਾਨ ਜਥੇਬੰਦੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਵਰਗੇ ਦੋਹਰੇ ਚਿਹਰੇ ਤੇ ਦੋਹਰੀਆਂ ਚਾਲਾਂ ਤੋ ਸੁਚੇਤ ਰਹਿਣ। ਜਿਹੜਾ ਰਾਜਪੁਰੇ ਤੋਂ ਇੱਧਰ ਕਿਸਾਨਾਂ ਨਾਲ ਖੜ੍ਹਨ ਦੇ ਡਰਾਮੇ ਕਰ ਰਿਹਾ ਹੈ ਤੇ ਰਾਜਪੁਰੇ ਤੋਂ ਪਰਲੇ ਪਾਸੇ ਮੋਦੀ ਸਰਕਾਰ ਦੇ ਪੰਜਾਬ ਤੇ ਘੱਟ ਗਿਣਤੀਆਂ ਅਤੇ ਕਿਸਾਨ ਵਿਰੋਧੀ ਫੈਸਲਿਆਂ ਦੀ ਲੋਕ ਸਭਾ ਤੇ ਕੈਬਨਿਟ ਵਿੱਚ ਡਟਕੇ ਹਮਾਇਤ ਕਰ ਰਿਹਾ ਹੈ ।